ਰਾਮਕਲੀ ਮਹਲਾ ੧ ॥
ਰਾਮਕਲੀ ਮਹਲਾ ੧ ॥
Raamkalee, First Mehl:
ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥
ਹੇ ਝੱਲੇ ਜੀਵ! ਜਿਵੇਂ ਤੂੰ (ਜਗਤ ਵਿਚ) ਆਇਆ ਹੈਂ ਤਿਵੇਂ (ਇਥੋਂ) ਚਲਾ ਭੀ ਜਾਵੇਂਗਾ, ਜਿਵੇਂ ਤੈਨੂੰ ਜਨਮ ਮਿਲਿਆ ਹੈ ਤਿਵੇਂ ਮੌਤ ਭੀ ਹੋ ਜਾਇਗੀ (ਇਥੇ ਕਿਸੇ ਹਾਲਤ ਵਿਚ ਸਦਾ ਬੈਠ ਨਹੀਂ ਰਹਿਣਾ) ।
As you come, so will you leave, you fool; as you were born, so will you die.
ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥
ਇਹਨਾਂ ਭੋਗਾਂ ਵਿਚ ਮਸਤ ਹੋ ਕੇ) ਪਰਮਾਤਮਾ ਦਾ ਨਾਮ ਵਿਸਾਰ ਕੇ ਤੂੰ ਜਨਮ ਮਰਨ ਦੇ ਚੱਕਰ ਵਿਚ ਪਿਆ ਸਮਝ ।੧।
As you enjoy pleasures, so will you suffer pain. Forgetting the Naam, the Name of the Lord, you will fall into the terrifying world-ocean. ||1||
ਤਨੁ ਧਨੁ ਦੇਖਤ ਗਰਬਿ ਗਇਆ ॥
(ਹੇ ਜੀਵ!) ਆਪਣਾ ਸਰੀਰ ਤੇ ਧਨ ਵੇਖ ਵੇਖ ਕੇ ਤੂੰ ਅਹੰਕਾਰ ਵਿਚ ਆਇਆ ਰਹਿੰਦਾ ਹੈਂ ।
Gazing upon your body and wealth, you are so proud.
ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥
ਤੂੰ ਕਿਉਂ ਪਰਮਾਤਮਾ ਦਾ ਨਾਮ ਵਿਸਾਰ ਰਿਹਾ ਹੈਂ, ਤੇ, ਕਿਉਂ ਭਟਕਣਾ ਵਿਚ ਪੈ ਗਿਆ ਹੈਂ? ।੧।ਰਹਾਉ
Your love for gold and sexual pleasures increases; why have you forgotten the Naam, and why do you wander in doubt? ||1||Pause||
ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥
(ਹੇ ਜੀਵ! ਤੂੰ ਆਪਣੇ ਆਪ ਨੂੰ) ਕਾਮ-ਵਾਸਨਾ ਵਲੋਂ ਨਹੀਂ ਬਚਾਇਆ, ਤੂੰ ਉੱਚਾ ਆਚਰਨ ਨਹੀਂ ਬਣਾਇਆ, ਤੂੰ ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕਣ ਦਾ ਉੱਦਮ ਨਹੀਂ ਕੀਤਾ, ਤੂੰ ਮਿੱਠਾ ਸੁਭਾਉ ਨਹੀਂ ਬਣਾਇਆ । (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ ।
You do not practice truth, abstinence, self-discipline or humility; the ghost within your skeleton has turned to dry wood.
ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥
ਤੇਰੇ ਅੰਦਰ ਨਾਹ ਦੂਜਿਆਂ ਦੀ ਭਲਾਈ ਦਾ ਖ਼ਿਆਲ ਹੈ, ਨਾਹ ਦੂਜਿਆਂ ਦੀ ਸੇਵਾ ਦੀ ਤਾਂਘ ਹੈ, ਨਾਹ ਆਚਰਨਿਕ ਪਵਿਤ੍ਰਤਾ ਹੈ, ਨਾਹ ਕੋਈ ਬੰਧੇਜ ਹੈ । ਸਾਧ ਸੰਗਤਿ ਤੋਂ ਵਾਂਜਿਆਂ ਰਹਿ ਕੇ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ।੨।
You have not practiced charity, donations, cleansing baths or austerities. Without the Saadh Sangat, the Company of the Holy, your life has gone in vain. ||2||
ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥
(ਹੇ ਜੀਵ!) ਤੂੰ ਮਾਇਆ ਦੇ ਲਾਲਚ ਵਿਚ ਲੱਗਾ ਪਿਆ ਹੈਂ, ਪਰਮਾਤਮਾ ਦਾ ਨਾਮ ਤੂੰ ਭੁਲਾ ਦਿੱਤਾ ਹੈ । ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ ਤੇਰਾ ਜੀਵਨ (ਅਜਾਈਂ) ਜਾਂਦਾ ਹੈ ।
Attached to greed, you have forgotten the Naam. Coming and going, your life has been ruined.
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥
ਜਦੋਂ ਜਮ ਅਚਨਚੇਤ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇਗਾ, ਕਾਲ ਦੇ ਮੂੰਹ ਵਿਚ ਪਹੁੰਚੇ ਹੋਏ ਨੂੰ ਤੈਨੂੰ (ਸਿਮਰਨ ਦੀ) ਸੁਰਤਿ ਨਹੀਂ ਆ ਸਕੇਗੀ ।੩।
When the Messenger of Death grabs you by your hair, you will be punished. You are unconscious, and have fallen into Death's mouth. ||3||
ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥
ਦਿਨ ਰਾਤ ਤੂੰ ਪਰਾਈ ਨਿੰਦਾ ਕਰਦਾ ਹੈਂ ਦੂਜਿਆਂ ਨਾਲ ਈਰਖਾ ਕਰਦਾ ਹੈਂ । ਤੇਰੇ ਹਿਰਦੇ ਵਿਚ ਨਾਹ ਪਰਮਾਤਮਾ ਦਾ ਨਾਮ ਹੈ ਤੇ ਨਾਹ ਸਭ ਜੀਵਾਂ ਵਾਸਤੇ ਦਇਆ-ਪਿਆਰ ।
Day and night, you jealously slander others; in your heart, you have neither the Naam, nor compassion for all.
ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥
ਗੁਰੂ ਦੇ ਸ਼ਬਦ ਤੋਂ ਬਿਨਾ ਨਾਹ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੇਂਗਾ ਨਾਹ ਹੀ (ਲੋਕ ਪਰਲੋਕ ਦੀ) ਇੱਜ਼ਤ । ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਨਰਕ ਵਿਚ ਪਿਆ ਹੋਇਆ ਹੈਂ ।੪।
Without the Word of the Guru's Shabad, you will not find salvation or honor. Without the Lord's Name, you shall go to hell. ||4||
ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥
(ਹੇ ਜੀਵ! ਮਾਇਆ ਦੀ ਖ਼ਾਤਰ) ਤੂੰ ਖਿਨ-ਪਲ ਵਿਚ ਸ੍ਵਾਂਗੀ ਵਾਂਗ ਕਈ ਰੂਪ ਧਾਰਦਾ ਹੈਂ । ਤੂੰ ਮੋਹ ਵਿਚ ਪਾਪਾਂ ਵਿਚ ਗ਼ਲਤਾਨ ਹੋਇਆ ਪਿਆ ਹੈਂ ।
In an instant, you change into various costumes, like a juggler; you are entangled in emotional attachment and sin.
ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥
ਹਰ ਪਾਸੇ ਮਾਇਆ ਦਾ ਖਿਲਾਰਾ ਵੇਖ ਕੇ ਤੂੰ ਮਾਇਆ ਦੇ ਮੋਹ ਵਿਚ ਮਸਤ ਹੋ ਰਿਹਾ ਹੈਂ ।੫।
You gaze here and there upon the expanse of Maya; you are intoxicated with attachment to Maya. ||5||
ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥
(ਹੇ ਝੱਲੇ ਜੀਵ!) ਤੂੰ ਵਿਕਾਰਾਂ ਦੀ ਖ਼ਾਤਰ ਅਨੇਕਾਂ ਖਿਲਾਰੇ ਖਿਲਾਰਦਾ ਹੈਂ ਗੁਰੂ ਦੇ ਸ਼ਬਦ ਦੀ ਲਗਨ ਤੋਂ ਬਿਨਾ ਤੂੰ (ਵਿਕਾਰਾਂ ਦੀ) ਭਟਕਣਾ ਵਿਚ ਭਟਕਦਾ ਹੈਂ ।
You act in corruption, and put on ostentatious shows, but without awareness of the Shabad, you have fallen into confusion.
ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥
ਤੈਨੂੰ ਹਉਮੈ ਦਾ ਵੱਡਾ ਰੋਗ ਵੱਡਾ ਦੁੱਖ ਚੰਬੜਿਆ ਹੋਇਆ ਹੈ । ਜੇ ਤੂੰ ਚਾਹੁੰਦਾ ਹੈਂ ਇਹ ਰੋਗ ਦੂਰ ਹੋ ਜਾਏ ਤਾਂ ਗੁਰੂ ਦੀ ਸਿੱਖਿਆ ਲੈ ।੬।
You suffer great pain from the disease of egotism. Following the Guru's Teachings, you shall be rid of this disease. ||6||
ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥
ਮਾਇਆ-ਵੇੜ੍ਹਿਆ ਜੀਵ ਜਦੋਂ ਸੁਖਾਂ ਨੂੰ ਤੇ ਧਨ ਨੂੰ ਆਉਂਦਾ ਵੇਖਦਾ ਹੈ ਤਾਂ ਇਸ ਦੇ ਮਨ ਵਿਚ ਅਹੰਕਾਰ ਪੈਦਾ ਹੁੰਦਾ ਹੈ ।
Seeing peace and wealth come to him, the faithless cynic become proud in his mind.
ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥
ਪਰ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਤੇ ਧਨ ਹੈ ਉਹ ਮੁੜ ਮੋੜ ਲੈਂਦਾ ਹੈ । ਮਾਇਆ-ਵੇੜ੍ਹੇ ਜੀਵ ਨੂੰ ਸਦਾ ਇਹੀ ਸਹਿਮ ਦਾ ਰੋਗ ਖਾਈ ਜਾਂਦਾ ਹੈ ।੭।
But He who owns this body and wealth, takes them back again, and then the mortal feels anxiety and pain deep within. ||7||
ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥
(ਹੇ ਜੀਵ! ਇਹ ਸਰੀਰ, ਇਹ ਧਨ, ਇਹ ਸੋਨਾ, ਇਹ ਇਸਤ੍ਰੀ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਉਸ ਪਰਮਾਤਮਾ ਦੀ ਮੇਹਰ ਸਦਕਾ ਮਿਲਿਆ ਹੋਇਆ ਹੈ, ਪਰ ਅੰਤ ਵੇਲੇ ਇਹਨਾਂ ਵਿਚੋਂ ਭੀ (ਕਿਸੇ ਦੇ) ਨਾਲ ਨਹੀਂ ਜਾ ਸਕਦਾ ।
At the very last instant, nothing goes along with you; all is visible only by His Mercy.
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥
(ਦੁਨੀਆ ਦੇ ਇਹ ਪਦਾਰਥ ਦੇਣ ਵਾਲਾ) ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ । ਜੇਹੜਾ ਮਨੁੱਖ ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ (ਸੰਸਾਰ-ਸਮੁੰਦਰ ਦੀਆਂ ਮੋਹ ਦੀਆਂ ਲਹਿਰਾਂ ਵਿਚੋਂ) ਪਾਰ ਲੰਘ ਜਾਂਦਾ ਹੈ ।੮।
God is our Primal and Infinite Lord; enshrining the Lord's Name in the heart, one crosses over. ||8||
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥
(ਹੇ ਸਾਕਤ ਜੀਵ! ਮਰਨਾ ਤਾਂ ਸਭਨਾਂ ਨੇ ਹੈ, ਫਿਰ ਤੂੰ ਆਪਣੇ ਕਿਸੇ) ਮਰੇ ਸੰਬੰਧੀ ਨੂੰ ਰੋਂਦਾ ਹੈਂ ਤੇ (ਰੋ ਰੋ ਕੇ) ਕਿਸ ਨੂੰ ਸੁਣਾਂਦਾ ਹੈ? (ਪਰਮਾਤਮਾ ਦੀ ਯਾਦ ਤੋਂ ਖੁੰਝ ਕੇ) ਤੂੰ ਬੜੇ ਡਰਾਉਣੇ ਸੰਸਾਰ-ਸਮੁੰਦਰ ਵਿਚ ਗੋਤੇ ਖਾ ਰਿਹਾ ਹੈਂ ।
You weep for the dead, but who hears you weeping? The dead have fallen to the serpent in the terrifying world-ocean.
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥
ਮਾਇਆ-ਵੇੜ੍ਹਿਆ ਜੀਵ ਆਪਣੇ ਪਰਵਾਰ ਨੂੰ, ਧਨ ਨੂੰ, ਸੋਹਣੇ ਘਰਾਂ ਨੂੰ ਵੇਖ ਵੇਖ ਕੇ ਨਿਕੰਮੇ ਜੰਜਾਲ ਵਿਚ ਫਸਿਆ ਪਿਆ ਹੈ ।੯।
Gazing upon his family, wealth, household and mansions, the faithless cynic is entangled in worthless worldly affairs. ||9||
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥
ਅਸੀ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪਰਮਾਤਮਾ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ ।
He comes when the Lord sends him; when the Lord calls him back, he goes.
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ । (ਅਸੀ ਜੀਵ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ, ਪਰ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ ।੧੦।
Whatever he does, the Lord is doing. The Forgiving Lord forgives him. ||10||
ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥
(ਜੇ ਜੀਵ!) ਪਰਮਾਤਮਾ ਦਾ ਨਾਮ ਸਾਰੇ ਆਨੰਦ ਰਸ ਦੇਣ ਵਾਲਾ ਹੈ, ਜਿਸ ਜਿਸ ਬੰਦੇ ਨੇ ਇਹ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤਿ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ ।
I seek to be with those who have tasted this sublime essence of the Lord.
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥
ਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ ।੧੧।
Wealth, miraculous spiritual powers, wisdom and spiritual knowledge, are obtained from the Guru. The treasure of liberation is obtained in His Sanctuary. ||11||
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ।
The Gurmukh looks upon pain and pleasure as one and the same; he remains untouched by joy and sorrow.
ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥
ਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ ।੧੨।੭।
Conquering his self-conceit, the Gurmukh finds the Lord; O Nanak, he intuitively merges into the Lord. ||12||7||