ਮਾਝ ਮਹਲਾ ੩ ॥
Maajh, Third Mehl:
ਤੇਰੀਆ ਖਾਣੀ ਤੇਰੀਆ ਬਾਣੀ ॥
ਹੇ ਪ੍ਰਭੂ ! (ਅੰਡਜ ਜੇਰਜ ਸੇਤਜ ਉਤਭੁਜ—ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ । ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ ।
The four sources of creation are Yours; the spoken word is Yours.
ਬਿਨੁ ਨਾਵੈ ਸਭ ਭਰਮਿ ਭੁਲਾਣੀ ॥
(ਪਰ, ਹੇ ਭਾਈ ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ ।
Without the Name, all are deluded by doubt.
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥
ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ । ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ ।੧।
Serving the Guru, the Lord's Name is obtained. Without the True Guru, no one can receive it. ||1||
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥
(ਹੇ ਭਾਈ !) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ ।
I am a sacrifice, my soul is a sacrifice, to those who focus their consciousness on the Lord.
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥
(ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸ਼ਰਧਾ ਰੱਖਿਆਂ ਹੀ ਮਿਲਦਾ ਹੈ । (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ।੧।ਰਹਾਉ।
Through devotion to the Guru, the True One is found; He comes to abide in the mind, with intuitive ease. ||1||Pause||
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥
ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ ।
Serving the True Guru, all things are obtained.
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥
ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ ।
As are the desires one harbors, so are the rewards one receives.
ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥
ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ । (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ ।੨।
The True Guru is the Giver of all things; through perfect destiny, He is met. ||2||
ਇਹੁ ਮਨੁ ਮੈਲਾ ਇਕੁ ਨ ਧਿਆਏ ॥
(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ ।
This mind is filthy and polluted; it does not meditate on the One.
ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
ਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ ।
Deep within, it is soiled and stained by the love of duality.
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥
(ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ । ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ।੩।
The egotists may go on pilgrimages to holy rivers, sacred shrines and foreign lands, but they only gather more of the dirt of egotism. ||3||
ਸਤਿਗੁਰੁ ਸੇਵੇ ਤਾ ਮਲੁ ਜਾਏ ॥
ਜਦੋਂ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ
Serving the True Guru, filth and pollution are removed.
ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥
ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ।
Those who focus their consciousness on the Lord remain dead while yet alive.
ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ । ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ ।੪।
The True Lord is Pure; no filth sticks to Him. Those who are attached to the True One have their filth washed away. ||4||
ਬਾਝੁ ਗੁਰੂ ਹੈ ਅੰਧ ਗੁਬਾਰਾ ॥
ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ ।
Without the Guru, there is only pitch darkness.
ਅਗਿਆਨੀ ਅੰਧਾ ਅੰਧੁ ਅੰਧਾਰਾ ॥
ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ ।
The ignorant ones are blind-there is only utter darkness for them.
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥
(ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ ।੫।
The maggots in manure do filthy deeds, and in filth they rot and putrefy. ||5||
ਮੁਕਤੇ ਸੇਵੇ ਮੁਕਤਾ ਹੋਵੈ ॥
ਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸ਼ਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ,
Serving the Lord of Liberation, liberation is achieved.
ਹਉਮੈ ਮਮਤਾ ਸਬਦੇ ਖੋਵੈ ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ ।
The Word of the Shabad eradicates egotism and possessiveness.
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥
(ਗੁਰ-ਸ਼ਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ । ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ।੬।
So serve the Dear True Lord, night and day. By perfect good destiny, the Guru is found. ||6||
ਆਪੇ ਬਖਸੇ ਮੇਲਿ ਮਿਲਾਏ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ,
He Himself forgives and unites in His Union.
ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥
ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ।
From the Perfect Guru, the Treasure of the Naam is obtained.
ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ ।੭।
By the True Name, the mind is made true forever. Serving the True Lord, sorrow is driven out. ||7||
ਸਦਾ ਹਜੂਰਿ ਦੂਰਿ ਨ ਜਾਣਹੁ ॥
(ਹੇ ਭਾਈ !) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ ।
He is always close at hand-do not think that He is far away.
ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ ।
Through the Word of the Guru's Shabad, recognize the Lord deep within your own being.
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥
ਹੇ ਨਾਨਕ ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ ।੮।੧੧।੧੨।
O Nanak, through the Naam, glorious greatness is received. Through the Perfect Guru, the Naam is obtained. ||8||11||12||