ਰਾਮਕਲੀ ਮਹਲਾ ੫ ॥
Raamkalee, Fifth Mehl:
ਕਰਨ ਕਰਾਵਨ ਸੋਈ ॥
ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ ।
He is the Creator, the Cause of causes;
ਆਨ ਨ ਦੀਸੈ ਕੋਈ ॥
(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ ।
I do not see any other at all.
ਠਾਕੁਰੁ ਮੇਰਾ ਸੁਘੜੁ ਸੁਜਾਨਾ ॥
ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ ।
My Lord and Master is wise and all-knowing.
ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥
ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ।੧।
Meeting with the Gurmukh, I enjoy His Love. ||1||
ਐਸੋ ਰੇ ਹਰਿ ਰਸੁ ਮੀਠਾ ॥
ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ ।
Such is the sweet, subtle essence of the Lord.
ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ ।੧।ਰਹਾਉ।
How rare are those who, as Gurmukh, taste it. ||1||Pause||
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥
ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ ।
The Light of the Ambrosial Name of the Lord is immaculate and pure.
ਪੀਵਤ ਅਮਰ ਭਏ ਨਿਹਕਾਮ ॥
ਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ ।
Drinking it in, one becomes immortal and free of desire.
ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥
ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ । ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ ।
The body and mind are cooled and soothed, and the fire is extinguished.
ਅਨਦ ਰੂਪ ਪ੍ਰਗਟੇ ਸੰਸਾਰੀ ॥੨॥
ਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ ।੨।
Such a being is the embodiment of bliss, famous throughout the world. ||2||
ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥
(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ।
What can I offer You, Lord? Everything belongs to You.
ਸਦ ਬਲਿਹਾਰਿ ਜਾਉ ਲਖ ਬੇਰਾ ॥
ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ ।
I am forever a sacrifice to You, hundreds of thousands of times.
ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥
ਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ,
You blessed me, and fashioned my body, mind and soul.
ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥੩॥
ਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ ।੩।
By Guru's Grace, this lowly being was exalted. ||3||
ਖੋਲਿ ਕਿਵਾਰਾ ਮਹਲਿ ਬੁਲਾਇਆ ॥
(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,
Opening the door, You summoned me to the Mansion of Your Presence.
ਜੈਸਾ ਸਾ ਤੈਸਾ ਦਿਖਲਾਇਆ ॥
ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ ।
As You are, so You have revealed Yourself to me.
ਕਹੁ ਨਾਨਕ ਸਭੁ ਪੜਦਾ ਤੂਟਾ ॥
(ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
Says Nanak, the screen is totally torn away;
ਹਉ ਤੇਰਾ ਤੂ ਮੈ ਮਨਿ ਵੂਠਾ ॥੪॥੩॥੧੪॥
ਹੇ ਨਾਨਕ! ਆਖ— ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ ।੪।੩।੧੪।
I am Yours, and You are enshrined within my mind. ||4||3||14||