ਮਾਝ ਮਹਲਾ ੩ ॥
Maajh, Third Mehl:
ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥
ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ ।
My God is Immaculate, Inaccessible and Infinite.
ਬਿਨੁ ਤਕੜੀ ਤੋਲੈ ਸੰਸਾਰਾ ॥
ਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ) ।
Without a scale, He weighs the universe.
ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ।੧।
One who becomes Gurmukh, understands. Chanting His Glorious Praises, he is absorbed into the Lord of Virtue. ||1||
ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ ।
I am a sacrifice, my soul is a sacrifice, to those whose minds are filled with the Name of the Lord.
ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ।੧।ਰਹਾਉ।
Those who are committed to Truth remain awake and aware night and day. They are honored in the True Court. ||1||Pause||
ਆਪਿ ਸੁਣੈ ਤੈ ਆਪੇ ਵੇਖੈ ॥
ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ।
He Himself hears, and He Himself sees.
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥
ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ ।
Those, upon whom He casts His Glance of Grace, become acceptable.
ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥
ਜਿਸ ਮਨੱੁਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ।੨।
They are attached, whom the Lord Himself attaches; as Gurmukh, they live the Truth. ||2||
ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥
(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ ।
Those whom the Lord Himself misleads-whose hand can they take?
ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ) ।
That which is pre-ordained, cannot be erased.
ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥
ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ । ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ।੩।
Those who meet the True Guru are very fortunate and blessed; through perfect karma, He is met. ||3||
ਪੇਈਅੜੈ ਧਨ ਅਨਦਿਨੁ ਸੁਤੀ ॥
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ।
The young bride is fast asleep in her parents' home, night and day.
ਕੰਤਿ ਵਿਸਾਰੀ ਅਵਗਣਿ ਮੁਤੀ ॥
ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ ।
She has forgotten her Husband Lord; because of her faults and demerits, she is abandoned.
ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥
ਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ ।੪।
She wanders around continually, crying out, night and day. Without her Husband Lord, she cannot get any sleep. ||4||
ਪੇਈਅੜੈ ਸੁਖਦਾਤਾ ਜਾਤਾ ॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ।
In this world of her parents' home, she may come to know the Giver of peace,
ਹਉਮੈ ਮਾਰਿ ਗੁਰ ਸਬਦਿ ਪਛਾਤਾ ॥
ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ ।
if she subdues her ego, and recognizes the Word of the Guru's Shabad.
ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥
ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ।੫।
Her bed is beautiful; she ravishes and enjoys her Husband Lord forever. She is adorned with the Decorations of Truth. ||5||
ਲਖ ਚਉਰਾਸੀਹ ਜੀਅ ਉਪਾਏ ॥
ਪਰਮਾਤਮਾ ਨੇ ਚੌਰਾਸੀ ਲੱਖ ਜੂੁਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ ।
He created the 8.4 million species of beings.
ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥
ਜਿਸ ਜੀਵ ਉੱਤੇ ਉਹ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਾ ਦੇਂਦਾ ਹੈ ।
Those, upon whom He casts His Glance of Grace, come to meet the Guru.
ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥
(ਗੁਰੂ-ਚਰਨਾਂ ਵਿਚ ਜੁੜੇ ਹੋਏ) ਬੰਦੇ ਆਪਣੇ ਪਾਪ ਦੂਰ ਕਰਕੇ ਸਦਾ ਪਵਿਤ੍ਰ-ਜੀਵਨ ਵਾਲੇ ਹੋ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਸੋਭਾ ਪਾਂਦੇ ਹਨ ।੬।
Shedding their sins, His servants are forever pure; at the True Court, they are beautified by the Naam, the Name of the Lord. ||6||
ਲੇਖਾ ਮਾਗੈ ਤਾ ਕਿਨਿ ਦੀਐ ॥
(ਅਸੀ ਜੀਵ ਸਦਾ ਭੁੱਲਣਹਾਰ ਹਾਂ) ਜੇ ਪ੍ਰਭੂ (ਸਾਡੇ ਕੀਤੇ ਕਰਮਾਂ ਦਾ) ਹਿਸਾਬ ਮੰਗਣ ਲੱਗੇ, ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ (ਭਾਵ, ਲੇਖੇ ਵਿਚ ਪੂਰਾ ਨਹੀਂ ਉਤਰ ਸਕਦਾ) ।
When they are called to settle their accounts, who will answer then?
ਸੁਖੁ ਨਾਹੀ ਫੁਨਿ ਦੂਐ ਤੀਐ ॥
(ਆਪਣੇ ਕੀਤੇ ਕਰਮਾਂ ਦਾ) ਲੇਖਾ ਗਿਣਾਇਆਂ (ਭਾਵ, ਲੇਖੇ ਵਿਚ ਸੁਰਖ਼ਰੂ ਹੋਣ ਦੀ ਆਸ ਤੇ) ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ ।
There shall be no peace then, from counting out by twos and threes.
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥
ਪ੍ਰਭੂ ਆਪ ਹੀ ਮਿਹਰ ਕਰਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ।੭।
The True Lord God Himself forgives, and having forgiven, He unites them with Himself. ||7||
ਆਪਿ ਕਰੇ ਤੈ ਆਪਿ ਕਰਾਏ ॥
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ ਅਤੇ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ ।
He Himself does, and He Himself causes all to be done.
ਪੂਰੇ ਗੁਰ ਕੈ ਸਬਦਿ ਮਿਲਾਏ ॥
ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਵਿਚ ਮਿਲਾਂਦਾ ਹੈ ।
Through the Shabad, the Word of the Perfect Guru, He is met.
ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥
ਹੇ ਨਾਨਕ ! ਜਿਸ ਮਨੁੱਖ ਨੂੰ (ਉਸ ਦੇ ਦਰ ਤੋਂ ਉਸ ਦਾ) ਨਾਮ ਮਿਲਦਾ ਹੈ, ਉਸ ਨੂੰ (ਉਸ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ, ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੮।੨।੩।
O Nanak, through the Naam, greatness is obtained. He Himself unites in His Union. ||8||2||3||