ਮਾਝ ਮਹਲਾ ੫ ॥
Maajh, Fifth Mehl:
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥
(ਜਿਵੇਂ ਜਦੋਂ ਭੀ) ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ
The Supreme Lord God has unleashed the rain clouds.
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥
ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ ਦਿੱਤੀ
Over the sea and over the land-over all the earth's surface, in all directions, He has brought the rain.
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥
ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ।੧।
Peace has come, and the thirst of all has been quenched; there is joy and ecstasy everywhere. ||1||
ਸੁਖਦਾਤਾ ਦੁਖ ਭੰਜਨਹਾਰਾ ॥
ਸਭ ਜੀਵਾਂ ਨੂੰ) ਸੁਖ ਦੇਣ ਵਾਲਾ (ਸਭ ਦੇ) ਦੁੱਖ ਦੂਰ ਕਰਨ ਵਾਲਾ ਪਰਮਾਤਮਾ
He is the Giver of Peace, the Destroyer of pain.
ਆਪੇ ਬਖਸਿ ਕਰੇ ਜੀਅ ਸਾਰਾ ॥
ਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ,
He gives and forgives all beings.
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥
ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਪਾਲਣਾ ਕਰਦਾ ਹੈ । ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ ।੨।
He Himself nurtures and cherishes His Creation. I fall at His Feet and surrender to Him. ||2||
ਜਾ ਕੀ ਸਰਣਿ ਪਇਆ ਗਤਿ ਪਾਈਐ ॥
(ਹੇ ਭਾਈ !) ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ
Seeking His Sanctuary, salvation is obtained.
ਸਾਸਿ ਸਾਸਿ ਹਰਿ ਨਾਮੁ ਧਿਆਈਐ ॥
ਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ ।
With each and every breath, I meditate on the Lord's Name.
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ।੩।
Without Him, there is no other Lord and Master. All places belong to Him. ||3||
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥
ਹੇ ਪ੍ਰਭੂ ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ
Yours is the Honor, God, and Yours is the Power.
ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
ਤੂੰ ਸਾਰੇ ਗੁਣਾਂ ਵਾਲਾ ਹੈਂ ਤੇਰੇ ਗੁਣਾਂ ਦੀ ਗਾਤ ਨਹੀਂ ਪਾਈ ਜਾ ਸਕਦੀ ।
You are the True Lord and Master, the Ocean of Excellence.
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥
ਹੇ ਪ੍ਰਭੂ ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ।੪।੩੪।੪੧।
Servant Nanak utters this prayer: may I meditate on You twenty-four hours a day. ||4||34||41||