ਬਿਲਾਵਲੁ ਮਹਲਾ ੪ ॥
Bilaaval, Fourth Mehl:
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥
ਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ,
I meditate on the source of bliss, the Sublime Primal Being; night and day, I am in ecstasy and bliss.
ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥
ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ ।੧।
The Righteous Judge of Dharma has no power over me; I have cast off all subservience to the Messenger of Death. ||1||
ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥
ਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ ।
Meditate, O mind, on the Naam, the Name of the Lord of the Universe.
ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥
ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ਗੁਣ ਗਾਂਦਾ ਹੈ (ਸੋ, ਹੇ ਮਨ! ਗੁਰੂ ਦੀ ਸਰਨ ਪਉ) ।੧।ਰਹਾਉ।
By great good fortune, I have found the Guru, the True Guru; I sing the Glorious Praises of the Lord of supreme bliss. ||1||Pause||
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥
ਹੇ ਮਨ! ਪਰਮਾਤਮਾ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਮਾਇਆ (ਦੇ ਮੋਹ) ਵਿਚ ਬੱਝੇ ਰਹਿੰਦੇ ਹਨ, ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ ।
The foolish faithless cynics are held captive by Maya; in Maya, they continue wandering, wandering around.
ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥
ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਉਹ ਮਨੁੱਖ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ) ਭੌਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦੁਆਲੇ ਸਦਾ ਭੌਂਦੇ ਹਨ ।੨।
Burnt by desire, and bound by the karma of their past actions, they go round and round, like the ox at the mill press. ||2||
ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥
ਹੇ ਮਨ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਏ, ਉਹ (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਗਏ । (ਪਰ, ਹੇ ਮਨ!) ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ-ਭਗਤੀ ਕਰਦੇ ਹਨ ।
The Gurmukhs, who focus on serving the Guru, are saved; by great good fortune, they perform service.
ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ (ਤ੍ਰਿਸ਼ਨਾ-ਅੱਗ ਵਿਚ ਸੜਨ ਤੋਂ ਬਚਣ ਦਾ) ਫਲ ਪ੍ਰਾਪਤ ਕਰ ਲਿਆ । ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਹੀਆਂ ਟੁੱਟ ਜਾਂਦੀਆਂ ਹਨ ।੩।
Those who meditate on the Lord obtain the fruits of their rewards, and the bonds of Maya are all broken. ||3||
ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥
(ਪਰ ਹੇ ਮਨ!) ਪ੍ਰਭੂ ਆਪ ਹੀ (ਜੀਵਾਂ ਦਾ) ਮਾਲਕ ਹੈ (ਸਭ ਵਿਚ ਵਿਆਪਕ ਹੋ ਕੇ) ਆਪ ਹੀ (ਆਪਣੀ) ਸੇਵਾ-ਭਗਤੀ ਕਰਨ ਵਾਲਾ ਹੈ, ਹਰ ਥਾਂ ਗੋਬਿੰਦ-ਪ੍ਰਭੂ ਆਪ ਹੀ ਆਪ ਮੌਜੂਦ ਹੈ ।
He Himself is the Lord and Master, and He Himself is the servant. The Lord of the Universe Himself is all by Himself.
ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥
ਹੇ ਦਾਸ ਨਾਨਕ! ਹਰ ਥਾਂ ਪ੍ਰਭੂ ਆਪ ਹੀ ਆਪ ਵੱਸ ਰਿਹਾ ਹੈ । ਜਿਵੇਂ ਉਹ (ਜੀਵਾਂ ਨੂੰ) ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ (ਕੋਈ ਉਸ ਦਾ ਸਿਮਰਨ ਕਰਦੇ ਹਨ, ਕੋਈ ਮਾਇਆ ਵਿਚ ਭਟਕਦੇ ਹਨ) ।੪।੬।
O servant Nanak, He Himself is All-pervading; as He keeps us, we remain. ||4||6||