ਬਿਲਾਵਲੁ ਮਹਲਾ ੩ ॥
Bilaaval, Third Mehl:
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
(ਹੇ ਭਾਈ!) ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ (ਕੋਈ ਮਨੁੱਖ ਉਸ ਦਾ) ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ (ਮਨੁੱਖ ਨੂੰ ਉਸ ਦੀ) ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ । (ਇਹ ਸੇਵਾ-ਭਗਤੀ ਕਿਸੇ ਨੂੰ ਭੀ ਉਸ ਦੇ ਆਪਣੇ ਉੱਦਮ ਨਾਲ ਨਹੀਂ ਮਿਲਦੀ) ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ ।
My Lord and Master has made me His servant, and blessed me with His service; how can anyone argue about this?
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥
ਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ (ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ) ਤੂੰ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈਂ ।੧।
Such is Your play, One and Only Lord; You are the One, contained among all. ||1||
ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਣ ਵਿਚ) ਗਿੱਝ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ । (ਪਰ) ਗੁਰੂ (ਭੀ) ਉਸੇ ਨੂੰ ਮਿਲਦਾ ਹੈ ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਫਿਰ ਹਰ ਵੇਲੇ ਉਸ ਦੀ ਸੁਰਤਿ ਆਤਮਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿਚ ਜੁੜੀ ਰਹਿੰਦੀ ਹੈ ।੧।ਰਹਾਉ।
When the True Guru is pleased and appeased, one is absorbed in the Lord's Name. One who is blessed by the Lord's Mercy, finds the True Guru; night and day, he automatically remains focused on the Lord's meditation. ||1||Pause||
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥
ਹੇ ਪ੍ਰਭੂ! (ਆਪਣੇ ਉੱਦਮ ਨਾਲ) ਕੋਈ ਭੀ ਮਨੁੱਖ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ ।
How can I serve You? How can I be proud of this?
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥
ਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ ।੨।
When You withdraw Your Light, O Lord and Master, then who can speak and teach? ||2||
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
ਹੇ ਭਾਈ! ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ (ਜੇਹੜੇ ਗੁਣ ਉਹ ਗੁਰੂ ਦੀ ਰਾਹੀਂ ਸਿੱਖ ਨੂੰ ਦੇਂਦਾ ਹੈ) ।
You Yourself are the Guru, and You Yourself are the chaylaa, the humble disciple; You Yourself are the treasure of virtue.
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥
ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ ।੩।
As You cause us to move, so do we move, according to the Pleasure of Your Will, O Lord God. ||3||
ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥
ਨਾਨਕ ਆਖਦੇ ਹਨ—ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ ।
Says Nanak, You are the True Lord and Master; who can know Your actions?
ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ । ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ ।੪।੩।
Some are blessed with glory in their own homes, while others wander in doubt and pride. ||4||3||