ਸੂਹੀ ਮਹਲਾ ੧ ਸੁਚਜੀ ॥
Soohee, First Mehl, Suchajee ~ The Noble And Graceful Bride:
ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥
ਹੇ ਪ੍ਰਭੂ! ਜਦੋਂ ਤੂੰ (ਮੇਰੇ ਵਲ ਹੁੰਦਾ ਹੈਂ) ਤਦੋਂ ਹਰੇਕ ਜੀਵ ਮੈਨੂੰ (ਆਦਰ ਦੇਂਦਾ ਹੈ) । ਤੂੰ ਹੀ ਮੇਰਾ ਮਾਲਕ ਹੈਂ, ਤੂੰ ਹੀ ਮੇਰਾ ਸਰਮਾਇਆ ਹੈਂ ।
When I have You, then I have everything. O my Lord and Master, You are my wealth and capital.
ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ ॥
ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾ ਲੈਂਦੀ ਹਾਂ ਤਦੋਂ ਮੈਂ ਸੁਖੀ ਵਸਦੀ ਹਾਂ ਜਦੋਂ ਤੂੰ ਮੇਰੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈਂ ਤਦੋਂ ਮੈਨੂੰ (ਹਰ ਥਾਂ) ਸੋਭਾ ਮਿਲਦੀ ਹੈ ।
Within You, I abide in peace; within You, I am congratulated.
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ ॥
ਪ੍ਰਭੂ ਦੀ ਰਜ਼ਾ ਵਿਚ ਹੀ ਕੋਈ ਤਖ਼ਤ ਉਤੇ ਬੈਠਾ ਹੈ ਤੇ ਵਡਿਆਈਆਂ ਮਿਲ ਰਹੀਆਂ ਹਨ, ਉਸ ਦੀ ਰਜ਼ਾ ਵਿਚ ਹੀ ਕੋਈ ਵਿਰਕਤ ਹੋ ਕੇ (ਦਰ ਦਰ ਤੇ) ਭਿੱਛਿਆ ਮੰਗਦਾ ਫਿਰਦਾ ਹੈ ।
By the Pleasure of Your Will, You bestow thrones and greatness. And by the Pleasure of Your Will, You make us beggars and wanderers.
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥
ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਸੁੱਕੀ ਧਰਤੀ ਉਤੇ ਸਰੋਵਰ ਚਲ ਪੈਂਦਾ ਹੈ ਤੇ ਕੌਲ ਫੁੱਲ ਆਕਾਸ਼ ਵਿਚ ਖਿੜ ਆਉਂਦਾ ਹੈ (ਭਾਵ, ਕਿਸੇ ਅਹੰਕਾਰੀ ਪ੍ਰੇਮ-ਹੀਣ ਹਿਰਦੇ ਵਿਚ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ) ।
By the Pleasure of Your Will, the ocean flows in the desert, and the lotus blossoms in the sky.
ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥
ਪ੍ਰਭੂ ਦੀ ਰਜ਼ਾ ਵਿਚ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ; ਉਸ ਦੀ ਰਜ਼ਾ ਅਨੁਸਾਰ ਹੀ ਵਿਕਾਰਾਂ ਨਾਲ ਭਰੀਜ ਕੇ ਵਿੱਚੇ ਹੀ ਡੁੱਬ ਜਾਈਦਾ ਹੈ ।
By the Pleasure of Your Will, one crosses over the terrifying world-ocean; by the Pleasure of Your Will, he sinks down into it.
ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥
ਉਸ ਦੀ ਰਜ਼ਾ ਵਿਚ ਹੀ ਕਿਸੇ ਜੀਵ-ਇਸਤ੍ਰੀ ਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗਦਾ ਹੈ, ਰਜ਼ਾ ਅਨੁਸਾਰ ਹੀ ਕੋਈ ਜੀਵ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਵਿਚ ਮਸਤ ਰਹਿੰਦਾ ਹੈ ।
By the Pleasure of His Will, that Lord becomes my Husband, and I am imbued with the Praises of the Lord, the treasure of virtue.
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ ॥
ਇਹ ਭੀ ਉਸ ਦੀ ਰਜ਼ਾ ਵਿਚ ਹੀ ਹੈ ਕਿ ਕਦੇ ਉਹ ਖਸਮ ਮੈਨੂੰ ਜੀਵ-ਇਸਤ੍ਰੀ ਨੂੰ ਡਰਾਉਣਾ ਲੱਗਦਾ ਹੈ, ਤੇ ਮੈਂ ਜਨਮ ਮਰਨ ਦੇ ਗੇੜ ਵਿਚ ਪੈ ਕੇ ਆਤਮਕ ਮੌਤੇ ਮਰਦੀ ਹਾਂ ।
By the Pleasure of Your Will, O my Husband Lord, I am afraid of You, and I come and go, and die.
ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ ॥
ਹੇ ਪ੍ਰਭੂ-ਪਤੀ! ਤੂੰ ਅਪਹੁੰਚ ਹੈਂ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ । ਮੈਂ ਅਰਦਾਸਾਂ ਕਰ ਕਰ ਕੇ ਤੇਰੇ ਹੀ ਦਰ ਤੇ ਢਹਿ ਪਈ ਹਾਂ (ਮੈਂ ਤੇਰਾ ਹੀ ਆਸਰਾ-ਪਰਨਾ ਲਿਆ ਹੈ) ।
You, O my Husband Lord, are inaccessible and immeasurable; talking and speaking of You, I have fallen at Your Feet.
ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥
ਮੈਂ ਤੇਰੇ ਦਰ ਤੋਂ ਹੋਰ ਕੀਹ ਮੰਗਾਂ? ਤੈਨੂੰ ਹੋਰ ਕੀਹ ਆਖਾਂ ਜੋ ਤੂੰ ਸੁਣੇਂ? ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਮੈਂ ਤੇਰੇ ਦਰਸਨ ਦੀ ਪਿਆਸੀ ਹਾਂ ।
What should I beg for? What should I say and hear? I am hungry and thirsty for the Blessed Vision of Your Darshan.
ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥
ਤੂੰ ਸਦਾ-ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈਂ । ਮੇਰੀ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਭੀ ਗੁਰੂ ਦੀ ਸਰਨ ਪਾ ਕੇ ਮਿਲ ।੨।
Through the Word of the Guru's Teachings, I have found my Husband Lord. This is Nanak's true prayer. ||2||