ਵਡਹੰਸੁ ਮਹਲਾ ੪ ॥
Wadahans, Fourth Mehl:
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥
ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ ।
O Lord, show Your Mercy, show Your Mercy, and let me meet the True Guru, the Giver of peace.
ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥
ਜਿਸ ਗੁਰੂ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ ।
I go and ask, I go and ask from the True Guru, about the sermon of the Lord.
ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥
ਜਿਸ ਗੁਰੂ ਨੇ (ਕੁਰਾਹੇ ਪਏ ਜਗਤ ਨੂੰ ਜੀਵਨ ਦਾ ਸਹੀ) ਰਸਤਾ ਦੱਸਿਆ ਹੈ
I ask about the sermon of the Lord from the True Guru, who has obtained the treasure of the Naam.
ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥
ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ, ਮੈਂ ਉਸ ਗੁਰੂ ਅੱਗੇ ਬੇਨਤੀ ਕਰਾਂਗਾ (ਕਿ ਮੈਨੂੰ ਭੀ ਜੀਵਨ-ਰਸਤਾ ਦੱਸ) ।
I bow at His Feet constantly, and pray to Him; the Guru, the True Guru, has shown me the Way.
ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥
ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ।
He alone is a devotee, who looks alike upon pleasure and pain; he is imbued with the Name of the Lord, Har, Har.
ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥
ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ।੧।
O Lord, show Your Mercy, show Your Mercy, and let me meet the True Guru, the Giver of peace. ||1||
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣ, (ਜੇਹੜਾ ਮਨੁੱਖ ਨਾਮ ਸੁਣਦਾ ਹੈ) ਨਾਮ ਦੀ ਰਾਹੀਂ ਉਸ ਦੇ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ।
Listen as Gurmukh, listen as Gurmukh, to the Naam, the Name of the Lord; all egotism and sins are eradicated.
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ ।
Chanting the Name of the Lord, Har, Har, chanting the Name of the Lord, Har, Har, the troubles of the world vanish.
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਨਾਮ) ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਕਰ ਦੇਂਦਾ ਹੈ ।
Those who contemplate the Name of the Lord, Har, Har, are rid of their suffering and sins.
ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥
ਗੁਰੂ ਨੇ (ਜਿਸ ਮਨੁੱਖ ਦੇ) ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਸ ਨੇ ਜਮਰਾਜ ਦੇ ਦੂਤ ਮਾਰ ਕੇ ਮੁਕਾ ਦਿੱਤੇ (ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਮੁਕਾ ਲਿਆ) ।
The True Guru has placed the sword of spiritual wisdom in my hands; I have overcome and slain the Messenger of Death.
ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥
ਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ ।
The Lord God, the Giver of peace, has granted His Grace, and I am rid of pain, sin and disease.
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ (ਜੇਹੜਾ ਸੁਣਦਾ ਹੈ ਉਸ ਦੇ) ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ।੨।
Listen as Gurmukh, listen as Gurmukh, to the Naam, the Name of the Lord; all egotism and sins are eradicated. ||2||
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ ॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਮੇਰੇ ਮਨ ਵਿਚ (ਤਾਂ) ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ।
Chanting the Name of the Lord, Har, Har, chanting the Name of the Lord, Har, Har, is so pleasing to my mind.
ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਿਆ ਕਰ, ਇਹ ਹਰਿ-ਨਾਮ ਸਾਰੇ ਰੋਗ ਦੂਰ ਕਰ ਦੇਂਦਾ ਹੈ ।
Speaking as Gurmukh, speaking as Gurmukh, chanting the Naam, all disease is eradicated.
ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ ॥
ਗੁਰੂ ਦੀ ਰਾਹੀਂ ਹਰਿ-ਨਾਮ ਜਪਿਆ ਕਰ, ਇਹ ਹਰਿ-ਨਾਮ ਸਾਰੇ ਰੋਗ ਦੂਰ ਕਰ ਦੇਂਦਾ ਹੈ, ਸਰੀਰ ਨਰੋਆ ਹੋ ਜਾਂਦਾ ਹੈ ।
As Gurmukh, chanting the Naam, all disease is eradicated, and the body becomes free of disease.
ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ॥
ਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ ।
Night and day, one remains absorbed in the Perfect Poise of Samaadhi; meditate on the Name of the Lord, the inaccessible and unfathomable Lord.
ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥
ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸੇ੍ਰਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ ।
Whether of high or low social status, one who meditates on the Naam obtains the supreme treasure.
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ । ਮੇਰੇ ਮਨ ਵਿਚ (ਤਾਂ) ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ।੩।
Chanting the Name of the Lord, Har, Har, chanting the Name of the Lord, Har, Har, is pleasing to my mind. ||3||
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥
ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ ।
Grant Your Grace, grant Your Grace, O Lord, and save me.
ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹਾਰੇ ਰਾਮ ॥
ਅਸੀ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ ।
I am a sinner, I am a worthless sinner, I am meek, but I am Yours, O Lord.
ਹਮ ਪਾਪੀ ਨਿਰਗੁਣ ਦੀਨ ਤੁਮ੍ਹਾਰੇ ਹਰਿ ਦੈਆਲ ਸਰਣਾਇਆ ॥
ਹੇ ਦਇਆ ਦੇ ਘਰ ਹਰੀ! ਅਸੀ ਵਿਕਾਰੀ ਹਾਂ, ਗੁਣਾਂ ਤੋਂ ਸੱਖਣੇ ਹਾਂ, (ਆਤਮਕ ਜੀਵਨ ਵਲੋਂ) ਕੰਗਾਲ ਹਾਂ, ਪਰ ਅਸੀ ਤੇਰੇ ਹਾਂ, ਤੇ, ਤੇਰੀ ਸਰਨ ਆਏ ਹਾਂ ।
I am a worthless sinner, and I am meek, but I am Yours; I seek Your Sanctuary, O Merciful Lord.
ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥
ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ । ਅਸੀ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ ।
You are the Destroyer of pain, the Giver of absolute peace; I am a stone - carry me across and save me.
ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥
ਹੇ ਨਾਨਕ! (ਆਖ—) ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ ।
Meeting the True Guru, servant Nanak has obtained the subtle essence of the Lord; through the Naam, the Name of the Lord, he is saved.
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥
ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ ।੪।੪।
Grant Your Grace, grant Your Grace, Lord, and save me. ||4||4||