ਵਡਹੰਸੁ ਮਹਲਾ ੩ ॥
Wadahans, Third Mehl:
ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ ।
The True merchandise is the Lord's Name. This is the true trade.
ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥
ਇਹ ਹਰਿ-ਨਾਮ ਗੁਰੂ ਦੀ ਮਤਿ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ (ਦੁਨੀਆ ਦਾ ਕੋਈ ਪਦਾਰਥ ਇਸ ਦੀ ਬਰਾਬਰੀ ਨਹੀਂ ਕਰ ਸਕਦਾ) ।
Under Guru's Instruction, we trade in the Lord's Name; its value is very great.
ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥
ਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ।
The value of this true trade is very great; those who are engaged in the true trade are very fortunate.
ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥
ਉਹ ਮਨੁੱਖ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ, ਦੁਨੀਆ ਨਾਲ ਕਾਰ-ਵਿਹਾਰ ਕਰਦੇ ਭੀ ਉਹ ਭਗਤੀ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ ।
Inwardly and outwardly, they are imbued with devotion, and they enshrine love for the True Name.
ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ ॥
ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ ਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ ।
One who is blessed with the Lord's Favor, obtains Truth, and reflects upon the Word of the Guru's Shabad.
ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥੧॥
ਹੇ ਨਾਨਕ! (ਆਖ—) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ ।੧।
O Nanak, those who are imbued with the Name find peace; they deal only in the True Name. ||1||
ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥
ਹੇ ਭਾਈ! ਹਉਮੈ ਅਤੇ ਮਾਇਆ (ਦੀ ਮਮਤਾ ਮਨੁੱਖ ਦੇ ਆਤਮਕ ਜੀਵਨ ਨੂੰ ਮੈਲਾ ਕਰਨ ਵਾਲੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ ।
Egotistical involvement in Maya is filth; Maya is overflowing with filth.
ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥
ਗੁਰੂ ਦੀ ਮਤਿ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ (ਇਸ ਵਾਸਤੇ, ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ) ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ।
Under Guru's Instruction, the mind is made pure and the tongue tastes the subtle essence of the Lord.
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥
ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, (ਇਸ ਨਾਮ ਜਲ ਨਾਲ) ਹਿਰਦਾ ਤਰੋ-ਤਰ ਹੋ ਜਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਾਂਦਾ ਹੈ ।
The tongue tastes the subtle essence of the Lord, and deep within, the heart is drenched with His Love, contemplating the True Word of the Shabad.
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥
ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ ।
Deep within, the well of the heart is overflowing with the Lord's Ambrosial Nectar; the water-carrier draws and drinks in the water of the Shabad.
ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ ॥
(ਪਰ, ਹੇ ਭਾਈ!) ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ ਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ । (ਹੇ ਭਾਈ!) ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ ।
One who is blessed with the Lord's favor is attuned to the Truth; with his tongue, he chants the Lord's Name.
ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥੨॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ ।੨।
O Nanak, those who are attuned to the Naam, the Name of the Lord, are immaculate. The others are full of the filth of egotism. ||2||
ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥
ਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ? ਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦਾ ਮੋਹ (ਪ੍ਰਬਲ) ਹੈ, (ਇਹਨਾਂ ਦੇ ਆਪਣੇ ਮਨ ਨੂੰ ਤਾਂ ਮਾਇਆ ਦੀ) ਮੈਲ ਲੱਗੀ ਰਹਿੰਦੀ ਹੈ, (ਇਹਨਾਂ ਦੇ ਇਹ ਸਾਰੇ ਉਪਦੇਸ਼) ਮਾਇਆ ਦੇ ਹੀ ਵਪਾਰ ਹਨ ।
All the religious scholars and astrologers read and study, and argue and shout. Who are they trying to teach?
ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥
(ਅਜੇਹੇ ਮਨੁੱਖ ਨੂੰ) ਜਗਤ ਵਿਚ (ਇਹ ਧਰਮ-ਉਪਦੇਸ਼) ਮਾਇਆ ਦੇ ਵਪਾਰ (ਵਾਂਗ ਹੀ) ਪਿਆਰੇ ਹਨ, (ਹੋਰਨਾਂ ਨੂੰ ਉਪਦੇਸ਼ ਕਰਦਾ ਹੈ, ਪਰ ਆਪ) ਜਨਮ ਮਰਨ ਦੇ ਗੇੜ ਵਿਚ ਦੁੱਖ ਪਾਂਦਾ ਰਹਿੰਦਾ ਹੈ ।
The filth of attachment to Maya clings to their hearts; they deal in Maya alone.
ਮਾਇਆ ਕੇ ਵਾਪਾਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥
(ਅਜੇਹਾ ਮਨੁੱਖ ਸਾਰੀ ਉਮਰ ਆਤਮਕ ਮੌਤ ਲਿਆਉਣ ਵਾਲੇ ਮੋਹ-) ਜ਼ਹਿਰ ਦਾ ਕੀੜਾ ਬਣਿਆ ਰਹਿੰਦਾ ਹੈ, ਇਸੇ ਜ਼ਹਿਰ ਨਾਲ ਚੰਬੜਿਆ ਰਹਿੰਦਾ ਹੈ, ਇਸੇ ਗੰਦ ਵਿਚ ਆਤਮਕ ਜੀਵਨ ਮੁਕਾ ਲੈਂਦਾ ਹੈ ।
They love to deal in Maya in this world; coming and going, they suffer in pain.
ਬਿਖੁ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਟਾ ਮਾਹਿ ਸਮਾਈ ॥
(ਪਰਮਾਤਮਾ ਨੇ ਅਜੇਹੇ ਮਨੁੱਖ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰ ਤੋਂ (ਉਸ ਦੇ ਮੱਥੇ ਉਤੇ) ਲਿਖ ਦਿੱਤਾ ਹੈ (ਜਗਤ ਵਿਚ ਆ ਕੇ) ਇਹ ਉਹੀ ਕੁਝ ਕਮਾਂਦਾ ਰਹਿੰਦਾ ਹੈ ।
The worm of poison is addicted to poison; it is immersed in manure.
ਜੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ ॥
ਕੋਈ ਮਨੁੱਖ (ਉਸ ਦੇ ਮੱਥੇ ਦੇ ਉਹਨਾਂ ਲੇਖਾਂ ਨੂੰ) ਮਿਟਾ ਨਹੀਂ ਸਕਦਾ ।
He does what is pre-ordained for him; no one can erase his destiny.
ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਆਨੰਦ ਮਾਣਦੇ ਹਨ, ਬਾਕੀ ਦੇ ਉਹ ਮੂਰਖ ਹਨ ਗੰਵਾਰ ਹਨ ਜੋ ਹੋਰਨਾਂ ਨੂੰ ਹੀ ਉਪਦੇਸ਼ ਕਰ ਕਰ ਕੇ ਆਪ ਆਤਮਕ ਮੌਤ ਸਹੇੜ ਲੈਂਦੇ ਹਨ ।੩।
O Nanak, imbued with the Naam, the Name of the Lord, lasting peace is found; the ignorant fools die screaming. ||3||
ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥
ਹੇ ਭਾਈ! ਮਾਇਆ ਦੇ ਮੋਹ ਵਿਚ (ਇਸ ਮਨੁੱਖ ਦਾ) ਮਨ ਰੰਗਿਆ ਜਾਂਦਾ ਹੈ, ਮੋਹ ਵਿਚ (ਫਸ ਕੇ ਉਸ ਨੂੰ ਆਤਮਕ ਜੀਵਨ ਦੀ) ਕੋਈ ਸਮਝ ਨਹੀਂ ਆਉਂਦੀ ।
Their minds are colored by emotional attachment to Maya; because of this emotional attachment, they do not understand.
ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗੁ ਜਾਈ ਰਾਮ ॥
ਜੇ ਇਸ ਮਨ ਨੂੰ ਗੁਰੂ ਦੀ ਸਰਨ ਪੈ ਕੇ (ਨਾਮ-ਰੰਗ ਨਾਲ) ਰੰਗ ਲਿਆ ਜਾਏ, ਤਾਂ (ਇਸ ਤੋਂ) ਮਾਇਆ ਦੇ ਮੋਹ ਦਾ ਰੰਗ ਉਤਰ ਜਾਂਦਾ ਹੈ ।
The soul of the Gurmukh is imbued with the Lord's Love; the love of duality departs.
ਦੂਜਾ ਰੰਗੁ ਜਾਈ ਸਾਚਿ ਸਮਾਈ ਸਚਿ ਭਰੇ ਭੰਡਾਰਾ ॥
(ਜਦੋਂ ਮਨੁੱਖ ਦੇ ਮਨ ਤੋਂ) ਮਾਇਆ ਦੇ ਮੋਹ ਦਾ ਰੰਗ ਲਹਿ ਜਾਂਦਾ ਹੈ, ਤਦੋਂ (ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ-ਧਨ ਨਾਲ (ਉਸ ਦੇ ਆਤਮਕ) ਖ਼ਜ਼ਾਨੇ ਭਰ ਜਾਂਦੇ ਹਨ ।
The love of duality departs, and the soul merges in Truth; the warehouse is overflowing with Truth.
ਗੁਰਮੁਖਿ ਹੋਵੈ ਸੋਈ ਬੂਝੈ ਸਚਿ ਸਵਾਰਣਹਾਰਾ ॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ (ਇਸ ਭੇਤ ਨੂੰ) ਸਮਝਦਾ ਹੈ । ਉਹ ਸਦਾ-ਥਿਰ ਹਰਿ-ਨਾਮ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ।
One who becomes Gurmukh, comes to understand; the Lord embellishes him with Truth.
ਆਪੇ ਮੇਲੇ ਸੋ ਹਰਿ ਮਿਲੈ ਹੋਰੁ ਕਹਣਾ ਕਿਛੂ ਨ ਜਾਏ ॥
ਪਰ, ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ (ਆਪਣੇ ਨਾਲ) ਮਿਲਾਂਦਾ ਹੈ ਉਹੀ ਪਰਮਾਤਮਾ ਨੂੰ ਮਿਲ ਸਕਦਾ ਹੈ (ਪਰਮਾਤਮਾ ਦੀ ਆਪਣੀ ਮੇਹਰ ਤੋਂ ਛੁਟ) ਕੋਈ ਹੋਰ ਉਪਾਉ ਦੱਸਿਆ ਨਹੀਂ ਜਾ ਸਕਦਾ ।
He alone merges with the Lord, whom the Lord causes to merge; nothing else can be said or done.
ਨਾਨਕ ਵਿਣੁ ਨਾਵੈ ਭਰਮਿ ਭੁਲਾਇਆ ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥
ਹੇ ਨਾਨਕ! ਜਗਤ ਨਾਮ ਤੋਂ ਬਿਨਾ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ । ਕਈ ਐਸੇ ਭੀ ਹਨ ਜੋ (ਪ੍ਰਭੂ-ਚਰਨਾਂ ਨਾਲ) ਪ੍ਰੀਤਿ ਜੋੜ ਕੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ।੪।੫।
O Nanak, without the Name, one is deluded by doubt; but some, imbued with the Name, enshrine love for the Lord. ||4||5||