ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਪੈ ਪਾਇ ਮਨਾਈ ਸੋਇ ਜੀਉ ॥
(ਹੇ ਭਾਈ !) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ
I fall at His Feet to please and appease Him.
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ । (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।੧।ਰਹਾਉ।
The True Guru has united me with the Lord, the Primal Being. There is no other as great as He. ||1||Pause||
ਗੋਸਾਈ ਮਿਹੰਡਾ ਇਠੜਾ ॥
ਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ
The Lord of the Universe is my Sweet Beloved.
ਅੰਮ ਅਬੇ ਥਾਵਹੁ ਮਿਠੜਾ ॥
(ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ
He is sweeter than my mother or father.
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥
(ਹੇ ਪ੍ਰਭੂ !) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ ।੧।
Among all sisters and brothers and friends, there is no one like You. ||1||
ਤੇਰੈ ਹੁਕਮੇ ਸਾਵਣੁ ਆਇਆ ॥
(ਹੇ ਪ੍ਰਭੂ !) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ
By Your Command, the month of Saawan has come.
ਮੈ ਸਤ ਕਾ ਹਲੁ ਜੋਆਇਆ ॥
(ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ
I have hooked up the plow of Truth,
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ ।੨।
and I plant the seed of the Name in hopes that the Lord, in His Generosity, will bestow a bountiful harvest. ||2||
ਹਉ ਗੁਰ ਮਿਲਿ ਇਕੁ ਪਛਾਣਦਾ ॥
(ਹੇ ਪ੍ਰਭੂ !) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ
Meeting with the Guru, I recognize only the One Lord.
ਦੁਯਾ ਕਾਗਲੁ ਚਿਤਿ ਨ ਜਾਣਦਾ ॥
ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ
In my consciousness, I do not know of any other account.
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
ਹੇ ਹਰੀ ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ । ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ ।੩।
The Lord has assigned one task to me; as it pleases Him, I perform it. ||3||
ਤੁਸੀ ਭੋਗਿਹੁ ਭੁੰਚਹੁ ਭਾਈਹੋ ॥
ਹੇ ਮੇਰੇ ਸਤਸੰਗੀ ਭਰਾਵੋ ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ
Enjoy yourselves and eat, O Siblings of Destiny.
ਗੁਰਿ ਦੀਬਾਣਿ ਕਵਾਇ ਪੈਨਾਈਓ ॥
ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ ਆਦਰ ਦਿਵਾ ਦਿੱਤਾ ਹੈ
In the Guru's Court, He has blessed me with the Robe of Honor.
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
ਕਿਉਂਕਿ) ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ।੪।
I have become the Master of my body-village; I have taken the five rivals as prisoners. ||4||
ਹਉ ਆਇਆ ਸਾਮ੍ਹੈ ਤਿਹੰਡੀਆ ॥
ਹੇ ਨਾਨਕ ! (ਆਖ—ਹੇ ਮੇਰੇ ਪ੍ਰਭੂ !) ਮੈਂ ਤੇਰੀ ਸਰਨ ਆਇਆ ਹਾਂ
I have come to Your Sanctuary.
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
(ਤੇਰੀ ਮਿਹਰ ਨਾਲ ਪੰਜੇ (ਗਿਆਨ‑ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ)
The five farm-hands have become my tenants;
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
ਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ । ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ ।੫।
none dare to raise their heads against me. O Nanak, my village is populous and prosperous. ||5||
ਹਉ ਵਾਰੀ ਘੁੰਮਾ ਜਾਵਦਾ ॥
(ਹੇ ਮੇਰੇ ਸ਼ਾਹ-ਪ੍ਰਭੂ !) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ
I am a sacrifice, a sacrifice to You.
ਇਕ ਸਾਹਾ ਤੁਧੁ ਧਿਆਇਦਾ ॥
ਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ
I meditate on You continually.
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
(ਹੇ ਮੇਰੇ ਸ਼ਾਹ-ਪ੍ਰਭੂ !) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ ।੬।
The village was in ruins, but You have re-populated it. I am a sacrifice to You. ||6||
ਹਰਿ ਇਠੈ ਨਿਤ ਧਿਆਇਦਾ ॥
(ਹੇ ਭਾਈ !) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ
O Beloved Lord, I meditate on You continually;
ਮਨਿ ਚਿੰਦੀ ਸੋ ਫਲੁ ਪਾਇਦਾ ॥
ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ
I obtain the fruits of my mind's desires.
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ।੭।
All my affairs are arranged, and the hunger of my mind is appeased. ||7||
ਮੈ ਛਡਿਆ ਸਭੋ ਧੰਧੜਾ ॥
(ਹੇ ਭਾਈ ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ
I have forsaken all my entanglements;
ਗੋਸਾਈ ਸੇਵੀ ਸਚੜਾ ॥
ਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ
I serve the True Lord of the Universe.
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
(ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ ।੮।
I have firmly attached the Name, the Home of the Nine Treasures to my robe. ||8||
ਮੈ ਸੁਖੀ ਹੂੰ ਸੁਖੁ ਪਾਇਆ ॥
(ਉਸ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ
I have obtained the comfort of comforts.
ਗੁਰਿ ਅੰਤਰਿ ਸਬਦੁ ਵਸਾਇਆ ॥
ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਵਸਾ ਦਿੱਤਾ
The Guru has implanted the Word of the Shabad deep within me.
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
ਗੁਰੂ-ਪੁਰਖ ਨੇ ਮੇਰੇ ਸਿਰ ੳੱੁਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ ।੯।
The True Guru has shown me my Husband Lord; He has placed His Hand upon my forehead. ||9||
ਮੈ ਬਧੀ ਸਚੁ ਧਰਮ ਸਾਲ ਹੈ ॥
ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ
I have established the Temple of Truth.
ਗੁਰਸਿਖਾ ਲਹਦਾ ਭਾਲਿ ਕੈ ॥
ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ
I sought out the Guru's Sikhs, and brought them into it.
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
(ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ ।੧੦।
I wash their feet, and wave the fan over them. Bowing low, I fall at their feet. ||10||
ਸੁਣਿ ਗਲਾ ਗੁਰ ਪਹਿ ਆਇਆ ॥
ਇਹ ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ
I heard of the Guru, and so I went to Him.
ਨਾਮੁ ਦਾਨੁ ਇਸਨਾਨੁ ਦਿੜਾਇਆ ॥
ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ—ਇਹੀ ਹੈ ਸਹੀ ਜੀਵਨ-ਰਾਹ
He instilled within me the Naam, the goodness of charity and true cleansing.
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
ਹੇ ਨਾਨਕ ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ
All the world is liberated, O Nanak, by embarking upon the Boat of Truth. ||11||
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
(ਹੇ ਪ੍ਰਭੂ !) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ
The whole Universe serves You, day and night.
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ ।
Please hear my prayer, O Dear Lord.
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
(ਹੇ ਭਾਈ !) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ।੧੨।
I have thoroughly tested and seen all-You alone, by Your Pleasure, can save us. ||12||
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ
Now, the Merciful Lord has issued His Command.
ਪੈ ਕੋਇ ਨ ਕਿਸੈ ਰਞਾਣਦਾ ॥
ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ
Let no one chase after and attack anyone else.
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ
Let all abide in peace, under this Benevolent Rule. ||13||
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਆਤਮਕ ਅਡੋਲਤਾ ਪੈਦਾ ਕਰ ਕੇ ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ
Softly and gently, drop by drop, the Ambrosial Nectar trickles down.
ਬੋਲਾਇਆ ਬੋਲੀ ਖਸਮ ਦਾ ॥
ਹੇ ਪ੍ਰਭੂ ! ਹੇ ਮੇਰੇ ਖਸਮ ! ਮੈਂ ਭੀ ਤੇਰੀ ਹੀ ਪ੍ਰੇਰਨਾ ਨਾਲ ਤੇਰੀ ਸਿਫ਼ਤਿ-ਸਾਲਾਹ ਦੇ ਬੋਲ ਬੋਲ ਰਿਹਾ ਹਾਂ
I speak as my Lord and Master causes me to speak.
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ।੧੪।
I place all my faith in You; please accept me. ||14||
ਤੇਰਿਆ ਭਗਤਾ ਭੁਖ ਸਦ ਤੇਰੀਆ ॥
ਹੇ ਪ੍ਰਭੂ ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੱੁਖ ਲੱਗੀ ਰਹਿੰਦੀ ਹੈ
Your devotees are forever hungry for You.
ਹਰਿ ਲੋਚਾ ਪੂਰਨ ਮੇਰੀਆ ॥
ਹੇ ਹਰੀ ! ਮੇਰੀ ਭੀ ਇਹ ਤਾਂਘ ਪੂਰੀ ਕਰ
O Lord, please fulfill my desires.
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ।੧੫।
Grant me the Blessed Vision of Your Darshan, O Giver of Peace. Please, take me into Your Embrace. ||15||
ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ
I have not found any other as Great as You.
ਤੂੰ ਦੀਪ ਲੋਅ ਪਇਆਲਿਆ ॥
ਹੇ ਪ੍ਰਭੂ ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ
You pervade the continents, the worlds and the nether regions;
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
ਹੇ ਪ੍ਰਭੂ ! ਤੰੂ ਹਰੇਕ ਥਾਂ ਵਿਚ ਵਿਆਪਕ ਹੈਂ । ਹੇ ਨਾਨਕ ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ।੧੬।
You are permeating all places and interspaces. Nanak: You are the True Support of Your devotees. ||16||
ਹਉ ਗੋਸਾਈ ਦਾ ਪਹਿਲਵਾਨੜਾ ॥
ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ
I am a wrestler; I belong to the Lord of the World.
ਮੈ ਗੁਰ ਮਿਲਿ ਉਚ ਦੁਮਾਲੜਾ ॥
ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ
I met with the Guru, and I have tied a tall, plumed turban.
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ।੧੭।
All have gathered to watch the wrestling match, and the Merciful Lord Himself is seated to behold it. ||17||
ਵਾਤ ਵਜਨਿ ਟੰਮਕ ਭੇਰੀਆ ॥
ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ)
The bugles play and the drums beat.
ਮਲ ਲਥੇ ਲੈਦੇ ਫੇਰੀਆ ॥
ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ
The wrestlers enter the arena and circle around.
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ।੧੮।
I have thrown the five challengers to the ground, and the Guru has patted me on the back. ||18||
ਸਭ ਇਕਠੇ ਹੋਇ ਆਇਆ ॥
ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ
All have gathered together,
ਘਰਿ ਜਾਸਨਿ ਵਾਟ ਵਟਾਇਆ ॥
ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ
but we shall return home by different routes.
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ । ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ।੧੯।
The Gurmukhs reap their profits and leave, while the self-willed manmukhs lose their investment and depart. ||19||
ਤੂੰ ਵਰਨਾ ਚਿਹਨਾ ਬਾਹਰਾ ॥
ਹੇ ਪ੍ਰਭੂ ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,
You are without color or mark.
ਹਰਿ ਦਿਸਹਿ ਹਾਜਰੁ ਜਾਹਰਾ ॥
ਫਿਰ ਭੀ, ਹੇ ਹਰੀ ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ
The Lord is seen to be manifest and present.
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ । ਤੂੰ ਗੁਣਾਂ ਦਾ ਖ਼ਜ਼ਾਨਾ ਹੈਂ । ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ।੨੦।
Hearing of Your Glories again and again, Your devotees meditate on You; they are attuned to You, O Lord, Treasure of Excellence. ||20||
ਮੈ ਜੁਗਿ ਜੁਗਿ ਦਯੈ ਸੇਵੜੀ ॥
ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ
Through age after age, I am the servant of the Merciful Lord.
ਗੁਰਿ ਕਟੀ ਮਿਹਡੀ ਜੇਵੜੀ ॥
ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ
The Guru has cut away my bonds.
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
ਹੇ ਨਾਨਕ ! (ਆਖ—) (ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ, ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ ।੨੧।੨।੯।
I shall not have to dance in the wrestling arena of life again. Nanak has searched, and found this opportunity. ||21||2||29||