ਆਸਾ ਮਹਲਾ ੫ ॥
Aasaa, Fifth Mehl:
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥
ਹੇ ਭਾਈ! (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ।
The Husband Lord of the Saints is eternal; He does not die or go away.
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥
(ਹੇ ਭਾਈ!) ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਵੱਸੇ, ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ ।
She, whose home is blessed by her Husband Lord, enjoys Him forever.
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥
ਉਹ ਪਰਮਾਤਮਾ ਨਾਸ ਤੋਂ ਰਹਿਤ ਹੈ, ਅਦ੍ਰਿਸ਼ਟ ਹੈ, ਸਦਾ ਨਵੇਂ ਪਿਆਰ ਵਾਲਾ ਹੈ, ਪਵਿਤ੍ਰ-ਸਰੂਪ ਹੈ ।
God is eternal and immortal, forever young and immaculately pure.
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥
ਉਹ ਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ, ਸਦਾ ਹਰੇਕ ਦੇ ਅੰਗ-ਸੰਗ ਵੱਸਦਾ ਹੈ, ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ ।
He is not far away, He is ever-present; the Lord and Master fills the ten directions, forever and ever.
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥
ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ, ਚੰਗੀ ਅਕਲ ਪ੍ਰਾਪਤ ਹੁੰਦੀ ਹੈ । ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ, ਤਿਉਂ ਤਿਉਂ ਉਹ ਪ੍ਰੀਤਮ-ਪ੍ਰਭੂ ਪਿਆਰਾ ਲੱਗਦਾ ਹੈ ।
He is the Lord of souls, the source of salvation and wisdom. The Love of my Dear Beloved is pleasing to me.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥
ਨਾਨਕ ਆਖਦੇ ਹਨ—ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂ-ਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ । (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮ-ਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ।੧।
Nanak speaks what the Guru's Teachings have led him to know. The Husband Lord of the Saints is eternal; He does not die or go away. ||1||
ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥
ਹੇ ਭਾਈ! ਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ,
One who has the Lord as her Husband enjoys great bliss.
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥
ਉਹ ਸੁਖੀ ਜੀਵਨ ਬਿਤਾਂਦੀ ਹੈ, ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ ।
That soul-bride is happy, and her glory is perfect.
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥
ਉਸ ਜੀਵ-ਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ । ਦੈਵੀ ਗੁਣਾਂ ਦਾ ਮਾਲਕ-ਪ੍ਰਭੂ ਸਦਾ ਉਸ ਦੇ ਅੰਗ-ਸੰਗ ਵੱਸਦਾ ਹੈ ।
She obtains honor, greatness and happiness, singing the Praise of the Lord. God, the Great Being, is always with her.
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥
ਉਸ (ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ, ਉਸ ਨੂੰ ਕੋਈ ਘਾਟ ਨਹੀਂ ਰਹਿੰਦੀ, ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ ।
She attains total perfection and the nine treasures; her home lacks nothing. - everything is there.
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥
ਉਸ ਜੀਵ-ਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ, ਪ੍ਰਭੂ-ਪਤੀ ਨੇ ਉਸ ਨੂੰ ਆਦਰ-ਮਾਣ ਦੇ ਰੱਖਿਆ ਹੁੰਦਾ ਹੈ । ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ ।
Her speech is so sweet; she obeys her Beloved Lord; her marriage is permanent and everlasting.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥
ਨਾਨਕ ਆਖਦੇ ਹਨ—ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ । ਹੇ ਭਾਈ! ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ।੨।
Nanak chants what he knows through the Guru's Teachings: One who has the Lord as her Husband enjoys great bliss. ||2||
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥
ਹੇ ਸਹੇਲੀ! ਆ, ਗੁਰੂ ਦੇ ਪਾਸ ਚੱਲੀਏ । (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ।
Come, O my companions, let us dedicate ourselves to serving the Saints.
ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥
ਹੇ ਸਖੀ! (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ, ਮੈਂ (ਗੁਰੂ ਦੇ) ਚਰਨ ਧੋਵਾਂ । ਹੇ ਸਖੀ! ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ ।
Let us grind their corn, wash their feet and so renounce our self-conceit.
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥
ਹੇ ਸਖੀ! ਅਹੰਕਾਰ ਤਿਆਗ ਕੇ (ਮਨ ਦਾ) ਕਲੇਸ਼ ਮਿਟ ਜਾਂਦਾ ਹੈ । ਹੇ ਸਖੀ! ਕਦੇ ਭੀ ਆਪਣਾ ਆਪ ਜਤਾਣਾ ਨਹੀਂ ਚਾਹੀਦਾ ।
Let us shed our egos, and our troubles shall be removed; let us not display ourselves.
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥
ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ (ਜੋ ਗੁਰੂ ਹੁਕਮ ਕਰੇ ਉਹ) ਮੰਨ ਲੈਣਾ ਚਾਹੀਦਾ ਹੈ, ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ (ਜਾਣ ਕੇ) ਲੈ ਲੈਣਾ ਚਾਹੀਦਾ ਹੈ ।
Let us take to His Sanctuary and obey Him, and be happy with whatever He does.
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥
ਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ ।
Let us become the slaves of His slaves, and shed our sadness, and with our palms pressed together, remain wakeful day and night.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥
ਨਾਨਕ ਆਖਦੇ ਹਨ—(ਹੇ ਸਖੀ! ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ । (ਸੋ,) ਹੇ ਸਖੀ! ਆ, ਗੁਰੂ ਪਾਸ ਚੱਲੀਏ । (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ।੩।
Nanak chants what he knows through the Guru's Teachings; come, O my companions, let us dedicate ourselves to serving the Saints. ||3||
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥
ਹੇ ਭਾਈ! ਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾ-ਭਗਤੀ ਵਿਚ ਜੋੜਦਾ ਹੈ ।
One who has such good destiny written upon his forehead, dedicates himself to His service.
ਤਾ ਕੀ ਪੂਰਨ ਆਸ ਜਿਨ੍ਹ ਸਾਧਸੰਗੁ ਪਾਇਆ ॥
ਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ।
One who attains the Saadh Sangat, the Company of the Holy, has his desires fulfilled.
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥
ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ ।
In the Saadh Sangat, immerse yourself in the Love of the Lord; remember the Lord of the Universe in meditation.
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥
ਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ—ਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ ।
Doubt, emotional attachment, sin and duality - he renounces them all.
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥
ਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ ।
Peace, poise and tranquility fill his mind, and he sings the Lord's Glorious Praises with joy and delight.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥
ਨਾਨਕ ਆਖਦੇ ਹਨ—ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ । ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜਦਾ ਹੈ ।੪।੪।੭।
Nanak chants what he knows through the Guru's Teachings: one who has such good destiny written upon his forehead, dedicates himself to His service. ||4||4||7||