ਆਸਾ ਮਹਲਾ ੪ ॥
Aasaa, Fourth Mehl:
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥
(ਹੇ ਭਾਈ!) ਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ ।
The treasure of Ambrosial Nectar, the Lord's devotional service, is found through the Guru, the True Guru, O Lord King.
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥
ਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ ।
The Guru, the True Guru, is the True Banker, who gives to His Sikh the capital of the Lord.
ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥
(ਹੇ ਭਾਈ!) (ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ ।
Blessed, blessed is the trader and the trade; how wonderful is the Banker, the Guru!
ਜਨੁ ਨਾਨਕੁ ਗੁਰੁ ਤਿਨ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥
ਦਾਸ ਨਾਨਕ (ਆਖਦੇ ਹਨ—ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ।੧।
O servant Nanak, they alone obtain the Guru, who have such pre-ordained destiny written upon their foreheads. ||1||
ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥
ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ ।
You are my True Banker, O Lord; the whole world is Your trader, O Lord King.
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥
ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ ।
You fashioned all vessels, O Lord, and that which dwells within is also Yours.
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥
ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ ।
Whatever You place in that vessel, that alone comes out again. What can the poor creatures do?
ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥
ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ।੨।
The Lord has given the treasure of His devotional worship to servant Nanak. ||2||
ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥
ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ ।
What Glorious Virtues of Yours can I describe, O Lord and Master? You are the most infinite of the infinite, O Lord King.
ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥
ਹੇ ਸੁਆਮੀ! ਅਸੀ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ ।
I praise the Lord's Name, day and night; this alone is my hope and support.
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥
ਹੇ ਪ੍ਰਭੂ! ਅਸੀ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?
I am a fool, and I know nothing. How can I find Your limits?
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥
(ਹੇ ਭਾਈ!) ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ।੩।
Servant Nanak is the slave of the Lord, the water-carrier of the slaves of the Lord. ||3||
ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥
ਹੇ ਪ੍ਰਭੂ! ਅਸੀ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ ।
As it pleases You, You save me; I have come seeking Your Sanctuary, O God, O Lord King.
ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥
ਅਸੀ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ । ਹੇ ਹਰੀ! ਸਾਡੀ ਇੱਜ਼ਤ ਰੱਖ ।
I am wandering around, ruining myself day and night; O Lord, please save my honor!
ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥
ਹੇ ਪ੍ਰਭੂ! ਅਸੀ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼ ।
I am just a child; You, O Guru, are my father. Please give me understanding and instruction.
ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥
ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ।੪।੧੦।੧੭।
Servant Nanak is known as the Lord's slave; O Lord, please preserve his honor! ||4||10||17||