ਸਿਰੀਰਾਗੁ ਮਹਲਾ ੧ ॥
Siree Raag, First Mehl:
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)
The self-willed manmukhs wander around, deluded and deceived. They find no place of rest.
ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥
ਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ । (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ
Without the Guru, no one is shown the Way. Like the blind, they continue coming and going.
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥
ਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ।੧।
Having lost the treasure of spiritual wisdom, they depart, defrauded and plundered. ||1||
ਬਾਬਾ ਮਾਇਆ ਭਰਮਿ ਭੁਲਾਇ ॥
ਹੇ ਭਾਈ ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ
O Baba, Maya deceives with its illusion.
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥
ਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ।੧।ਰਹਾਉ।
Deceived by doubt, the discarded bride is not received into the Lap of her Beloved. ||1||Pause||
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥
ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ
The deceived bride wanders around in foreign lands; she leaves, and abandons her own home.
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥
ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ
Deceived, she climbs the plateaus and mountains; her mind wavers in doubt.
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥
(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ।੨।
Separated from the Primal Being, how can she meet with Him again? Plundered by pride, she cries out and bewails. ||2||
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥
ਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ
The Guru unites the separated ones with the Lord again, through the love of the Delicious Name of the Lord.
ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥
ਹਰੀ ਦੇ ਗੁਣਾਂ ਦੀ ਬਰਕਤਿ ਨਾਲ ਹਰੀ-ਨਾਮ ਦੇ ਆਸਰੇ ਨਾਲ ਸਦਾ-ਥਿਰ ਪ੍ਰਭੂ ਵਿਚ (ਜੁੜਿਆਂ) ਅਡੋਲ ਅਵਸਥਾ ਵਿਚ (ਟਿਕਿਆਂ) ਬੜੀ ਸੋਭਾ (ਭੀ ਮਿਲਦੀ ਹੈ)
Through truth and intuitive poise, great honor is obtained, with the Support of the Naam and the Glory of the Lord.
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥
(ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ—ਹੇ ਪ੍ਰਭੂ !) ਜਿਵੇਂ ਤੇਰੀ ਰਜ਼ਾ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਰੱਖ । ਤੈਥੋਂ ਬਿਨਾ ਮੇਰਾ ਖਸਮ-ਸਾਈਂ ਹੋਰ ਕੋਈ ਨਹੀਂ ।੩।
As it pleases You, Lord, please save and protect me. Without You, O my Husband Lord, who else is there for me? ||3||
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥
ਵਿੱਦਿਆ ਪੜ੍ਹ ਪੜ੍ਹ ਕੇ (ਭੀ ਵਿੱਦਿਆ ਦੇ ਅਹੰਕਾਰ ਕਾਰਨ) ਕੁਰਾਹੇ ਹੀ ਪਈਦਾ ਹੈ, (ਗ੍ਰਿਹਸਤ-ਤਿਆਗੀਆਂ ਦੇ) ਭੇਖਾਂ ਨਾਲ ਭੀ (ਮਨ ਵਿਚ) ਬੜਾ ਮਾਣ ਪੈਦਾ ਹੁੰਦਾ ਹੈ
Reading their books over and over again, people continue making mistakes; they are so proud of their religious robes.
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ)
But what is the use of bathing at sacred shrines of pilgrimage, when the filth of stubborn pride is within the mind?
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥
(ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ । ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ।੪।
Other than the Guru, who can explain that within the mind is the Lord, the King, the Emperor? ||4||
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥
(ਹੇ ਬਾਬਾ !) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ । ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹ
The Treasure of the Lord's Love is obtained by the Gurmukh, who contemplates the essence of reality.
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥
ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ
The bride eradicates her selfishness, and adorns herself with the Word of the Guru's Shabad.
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥
ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ।੫।
Within her own home, she finds her Husband, through infinite love for the Guru. ||5||
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥
ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ
Applying oneself to the service of the Guru, the mind is purified, and peace is obtained.
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ (ਉਪਦੇਸ਼) ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ
The Word of the Guru's Shabad abides within the mind, and egotism is eliminated from within.
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥
ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੰੁਦਾ ਹੈ (ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ) ।੬।
The Treasure of the Naam is acquired, and the mind reaps the lasting profit. ||6||
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥
ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ
If He grants His Grace, then we obtain it. We cannot find it by our own efforts.
ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
(ਇਸ ਵਾਸਤੇ, ਹੇ ਭਾਈ !) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ
Remain attached to the Feet of the Guru, and eradicate selfishness from within.
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥
(ਗੁਰ-ਸਰਨ ਦੀ ਬਰਕਤਿ ਨਾਲ ਜੇ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ।੭।
Attuned to Truth, you shall obtain the True One. ||7||
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
(ਹੇ ਬਾਬਾ ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ
Everyone makes mistakes; only the Guru and the Creator are infallible.
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਜਿਸ ਮਨੁੱਖ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ
One who instructs his mind with the Guru's Teachings comes to embrace love for the Lord.
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥
ਹੇ ਨਾਨਕ ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ।੮।੧੨।
O Nanak, do not forget the Truth; you shall receive the Infinite Word of the Shabad. ||8||12||