ਆਸਾ ਮਹਲਾ ੧ ॥
Aasaa, First Mehl:
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥
(ਜਦੋਂ ਗੁਰੂ ਦੀ ਕਾਰ ਕਮਾ ਕੇ ਹਰ ਥਾਂ ਪ੍ਰਭੂ ਦਾ ਨਿਵਾਸ ਪਛਾਣ ਸਕੀਦਾ ਹੈ ਤਾਂ) ਮੈਂ ਜਾ ਕੇ ਜੰਗਲ ਨੂੰ ਕਿਉਂ (ਪਰਮਾਤਮਾ ਨੂੰ ਮਿਲਣ ਵਾਸਤੇ) ਢੂੰਢਾਂ?
Why should I go searching in the forests, when the woods of my home are so green?
ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥
ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਨੂੰ ਘਰ ਵਿਚ ਹੀ ਹਰੀਆਵਲਾ ਜੰਗਲ (ਦਿੱਸਦਾ ਹੈ, ਭਾਵ, ਉਸ ਨੂੰ ਘਰ ਵਿਚ ਜੰਗਲ ਵਿਚ ਤੇ ਹਰ ਥਾਂ ਪ੍ਰਭੂ ਨਜ਼ਰੀਂ ਆਉਂਦਾ ਹੈ) । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ।੧।
The True Word of the Shabad has instantaneously come and settled in my heart. ||1||
ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥
ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ । (ਇਹ ਕਦੇ) ਨਹੀਂ ਸਮਝਣਾ ਚਾਹੀਦਾ (ਕਿ ਉਸ ਪ੍ਰਭੂ ਤੋਂ ਬਿਨਾ) ਕੋਈ ਹੋਰ (ਭੀ ਉਸ ਵਰਗਾ ਜਗਤ ਵਿਚ ਮੌਜੂਦ) ਹੈ ।
Wherever I look, there He is; I know no other.
ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥
ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ।੧।ਰਹਾਉ।
Working for the Guru, one realizes the Mansion of the Lord's Presence. ||1||Pause||
ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥
ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।
The True Lord blends us with Himself, when it is pleasing to His Mind.
ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥
ਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ ।੨।
One who ever walks in accordance with His Will, merges into His Being. ||2||
ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥
ਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ) ।
When the True Lord dwells in the mind, that mind flourishes.
ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥
(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ।੩।
He Himself grants greatness; His Gifts are never exhausted. ||3||
ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥
(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ ।
Serving this and that person, how can one obtain the Lord's Court?
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥
(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੰੁਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ।੪।
If someone embarks on a boat of stone, he shall drown with its cargo. ||4||
ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥
(ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਵਾਸਤੇ) ਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ)
So offer your mind, and surrender your head with it.
ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥
ਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ।੫।
The Gurmukh realizes the true essence, and finds the home of his own self. ||5||
ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥
ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ (ਤੇ ਇਸ ਤੋਂ ਡਰਦਾ ਭੀ ਹੈ ਇਹ ਜਨਮ ਮਰਨ ਦਾ ਚੱਕਰ) ਕਰਤਾਰ ਨੇ ਆਪ ਹੀ ਬਣਾਇਆ ਹੈ ।
People discuss birth and death; the Creator created this.
ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥
ਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।੬।
Those who conquer their selfhood and remain dead, shall never have to die again. ||6||
ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥
(ਪਰ, ਜੀਵ ਦੇ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੰੁਦਾ ਹੈ ਜੀਵ ਉਹੀ ਕਾਰ ਕਰਦਾ ਹੈ,
Do those deeds which the Primal Lord has ordered for you.
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥
ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ।੭।
If one surrenders his mind upon meeting the True Guru, who can estimate its value? ||7||
ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥
(ਇਹ ਸਾਰੇ ਜੀਵ ਉਸ ਜੌਹਰੀ ਪਰਮਾਤਮਾ ਦੇ ਆਪਣੇ ਹੀ ਬਣਾਏ ਹੋਏ ਰਤਨ ਹਨ) ਉਹ ਮਾਲਕ ਆਪ ਹੀ ਇਹਨਾਂ ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ ।
That Lord Master is the Assayer of the jewel of the mind; He places the value on it.
ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ।੮।੧੭।
O Nanak, True is the Glory of that one, in whose mind the Lord Master dwells. ||8||17||