ਸਿਰੀਰਾਗੁ ਮਹਲਾ ੧ ॥
Siree Raag, First Mehl:
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
ਹੇ ਕੁਰਾਹੇ-ਪਏ ਕਮਲੇ ਮਨ ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ (ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ
Listen, O deluded and demented mind: hold tight to the Guru's Feet.
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤਿ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ
Chant and meditate on the Naam, the Name of the Lord; death will be afraid of you, and suffering shall depart.
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥
(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ ? ।੧।
The deserted wife suffers terrible pain. How can her Husband Lord remain with her forever? ||1||
ਭਾਈ ਰੇ ਅਵਰੁ ਨਾਹੀ ਮੈ ਥਾਉ ॥
ਹੇ ਭਾਈ ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ
O Siblings of Destiny, I have no other place to go.
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ
The Guru has given me the Treasure of the Wealth of the Naam; I am a sacrifice to Him. ||1||Pause||
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ । (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ
The Guru's Teachings bring honor. Blessed is He-may I meet and be with Him!
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
(ਨਾਮ ਦੀ ਦਾਤਿ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹ
Without Him, I cannot live, even for a moment. Without His Name, I die.
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥
(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ।੨।
I am blind-may I never forget the Naam! Under His Protection, I shall reach my true home. ||2||
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ
Those chaylaas, those devotees, whose spiritual teacher is blind, shall not find their place of rest.
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ
Without the True Guru, the Name is not obtained. Without the Name, what is the use of it all?
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥
ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ।੩।
People come and go, regretting and repenting, like crows in a deserted house. ||3||
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)
Without the Name, the body suffers in pain; it crumbles like a wall of sand.
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥
ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ
As long as Truth does not enter into the consciousness, the Mansion of the Lord's Presence is not found.
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥
ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ।੪।
Attuned to the Shabad, we enter our home, and obtain the Eternal State of Nirvaanaa. ||4||
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥
(ਸੋ, ਹੇ ਭਾਈ ! ਇਸ ‘ਨਿਰਬਾਣ ਪਦ’ ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ
I ask my Guru for His Advice, and I follow the Guru's Advice.
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ,
With the Shabads of Praise abiding in the mind, the pain of egotism is burnt away.
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥
ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ।੫।
We are intuitively united with Him, and we meet the Truest of the True. ||5||
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕੋ੍ਰਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ
Those who are attuned to the Shabad are spotless and pure; they renounce sexual desire, anger, selfishness and conceit.
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
ਉਹ ਸਦਾ ਪ੍ਰਭੂ ਦਾ ਨਾਮ ਸਲਾਹੰੁਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ ।
They sing the Praises of the Naam, forever and ever; they keep the Lord enshrined within their hearts.
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥
(ਹੇ ਭਾਈ !) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ।੬।
How could we ever forget Him from our minds? He is the Support of all beings. ||6||
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ
One who dies in the Shabad is beyond death, and shall never die again.
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥
(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ
Through the Shabad, we find Him, and embrace love for the Name of the Lord.
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੭।
Without the Shabad, the world is deceived; it dies and is reborn, over and over again. ||7||
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥
ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ)
All praise themselves, and call themselves the greatest of the great.
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ ।
Without the Guru, one's self cannot be known. By merely speaking and listening, what is accomplished?
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥
ਹੇ ਨਾਨਕ ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ।੮।੮।
O Nanak, one who realizes the Shabad does not act in egotism. ||8||8||