ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩
Raag Aasaa, First Mehl, Ashtapadees, Third House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਜਿਨ੍ਹਾਂ (ਸੰੁਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਹਨ,
Those heads adorned with braided hair, with their parts painted with vermillion
ਸੇ ਸਿਰ ਕਾਤੀ ਮੁੰਨੀਅਨ੍ਹਿ ਗਲ ਵਿਚਿ ਆਵੈ ਧੂੜਿ ॥
(ਉਹਨਾਂ ਦੇ) ਮੂੰਹ ਵਿਚ ਮਿੱਟੀ ਪੈ ਰਹੀ ਹੈ ।
- those heads were shaved with scissors, and their throats were choked with dust.
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹਿ ਹਦੂਰਿ ॥੧॥
ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ।੧।
They lived in palatial mansions, but now, they cannot even sit near the palaces. ||1||
ਆਦੇਸੁ ਬਾਬਾ ਆਦੇਸੁ ॥
ਹੇ ਅਕਾਲ ਪੁਰਖ! (ਬਿਪਤਾ ਵੇਲੇ ਸਾਡੇ ਜੀਵਾਂ ਦੀ ਤੈਨੂੰ ਹੀ) ਨਮਸਕਾਰ ਹੈ (ਹੋਰ ਕੇਹੜਾ ਆਸਰਾ ਹੋ ਸਕਦਾ ਹੈ?)
Hail to You, O Father Lord, Hail to You!
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ । ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ।੧।ਰਹਾਉ।
O Primal Lord. Your limits are not known; You create, and create, and behold the scenes. ||1||Pause||
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ਜਦੋਂ ਉਹ ਸੰੁਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,
When they were married, their husbands looked so handsome beside them.
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ ।
They came in palanquins, decorated with ivory;
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ।੨।
water was sprinkled over their heads, and glittering fans were waved above them. ||2||
ਇਕੁ ਲਖੁ ਲਹਨ੍ਹਿ ਬਹਿਠੀਆ ਲਖੁ ਲਹਨ੍ਹਿ ਖੜੀਆ ॥
(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ ।
They were given hundreds of thousands of coins when they sat, and hundreds of thousands of coins when they stood.
ਗਰੀ ਛੁਹਾਰੇ ਖਾਂਦੀਆ ਮਾਣਨ੍ਹਿ ਸੇਜੜੀਆ ॥
ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ ।
They ate coconuts and dates, and rested comfortably upon their beds.
ਤਿਨ੍ਹ ਗਲਿ ਸਿਲਕਾ ਪਾਈਆ ਤੁਟਨ੍ਹਿ ਮੋਤਸਰੀਆ ॥੩॥
(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ।੩।
But ropes were put around their necks, and their strings of pearls were broken. ||3||
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹੀ ਰਖੇ ਰੰਗੁ ਲਾਇ ॥
(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੰੁਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ ।
Their wealth and youthful beauty, which gave them so much pleasure, have now become their enemies.
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ ।
The order was given to the soldiers, who dishonored them, and carried them away.
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ।੪।
If it is pleasing to God's Will, He bestows greatness; if is pleases His Will, He bestows punishment. ||4||
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?
If someone focuses on the Lord beforehand, then why should he be punished?
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ ।
The kings had lost their higher consciousness, reveling in pleasure and sensuality.
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥
(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ।੫।
Since Baabar's rule has been proclaimed, even the princes have no food to eat. ||5||
ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ ॥
(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,
The Muslims have lost their five times of daily prayer, and the Hindus have lost their worship as well.
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ ।
Without their sacred squares, how shall the Hindu women bathe and apply the frontal marks to their foreheads?
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ।੬।
They never remembered their Lord as Raam, and now they cannot even chant Khudaa-i||6||
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ ।
Some have returned to their homes, and meeting their relatives, they ask about their safety.
ਇਕਨ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ) ।
For some, it is pre-ordained that they shall sit and cry out in pain.
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ।੭।੧੧।
Whatever pleases Him, comes to pass. O Nanak, what is the fate of mankind? ||7||11||