ਆਸਾ ਮਹਲਾ ੫ ॥
Aasaa, Fifth Mehl:
ਆਪੇ ਪੇਡੁ ਬਿਸਥਾਰੀ ਸਾਖ ॥
(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੱੁਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ ।
He Himself is the tree, and the branches extending out.
ਅਪਨੀ ਖੇਤੀ ਆਪੇ ਰਾਖ ॥੧॥
(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ।੧।
He Himself preserves His own crop. ||1||
ਜਤ ਕਤ ਪੇਖਉ ਏਕੈ ਓਹੀ ॥
(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ,
Wherever I look, I see that One Lord alone.
ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥
ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ।੧।ਰਹਾਉ।
Deep within each and every heart, He Himself is contained. ||1||Pause||
ਆਪੇ ਸੂਰੁ ਕਿਰਣਿ ਬਿਸਥਾਰੁ ॥
(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ,
He Himself is the sun, and the rays emanating from it.
ਸੋਈ ਗੁਪਤੁ ਸੋਈ ਆਕਾਰੁ ॥੨॥
ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ।੨।
He is concealed, and He is revealed. ||2||
ਸਰਗੁਣ ਨਿਰਗੁਣ ਥਾਪੈ ਨਾਉ ॥
(ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ
He is said to be of the highest attributes, and without attributes.
ਦੁਹ ਮਿਲਿ ਏਕੈ ਕੀਨੋ ਠਾਉ ॥੩॥
(ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ।੩।
Both converge onto His single point. ||3||
ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥
ਹੇ ਨਾਨਕ! ਆਖ—ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ
Says Nanak, the Guru has dispelled my doubt and fear.
ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥
ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ।੪।੧੭।੬੮।
With my eyes, I perceive the Lord, the embodiment of bliss, to be everywhere. ||4||17||68||