ਆਸਾ ਮਹਲਾ ੧ ॥
Aasaa, First Mehl:
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ)
As much as the Shabad is in the mind, so much is Your melody; as much as the form of the universe is, so much is Your body, Lord.
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ । ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ।੧।
You Yourself are the tongue, and You Yourself are the nose. Do not speak of any other, O my mother. ||1||
ਸਾਹਿਬੁ ਮੇਰਾ ਏਕੋ ਹੈ ॥
ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,
My Lord and Master is One;
ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ।੧।ਰਹਾਉ।
He is the One and Only; O Siblings of Destiny, He is the One alone. ||1||Pause||
ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ ।
He Himself kills, and He Himself emancipates; He Himself gives and takes.
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥
ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੰੁਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ।੨।
He Himself beholds, and He Himself rejoices; He Himself bestows His Glance of Grace. ||2||
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ ।
Whatever He is to do, that is what He is doing. No one else can do anything.
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥
ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ ।(ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ।੩।
As He projects Himself, so do we describe Him; this is all Your Glorious Greatness, Lord. ||3||
ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥
ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ—
The Dark Age of Kali Yuga is the bottle of wine; Maya is the sweet wine, and the intoxicated mind continues to drink it in.
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥
ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ।੪।੫।
He Himself assumes all sorts of forms; thus poor Nanak speaks. ||4||5||