ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
There is pollution in the water, and pollution on the land; whatever is born is polluted.
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
ਕਿਉਂਕਿ ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ।੧।
There is pollution in birth, and more pollution in death; all beings are ruined by pollution. ||1||
ਕਹੁ ਰੇ ਪੰਡੀਆ ਕਉਨ ਪਵੀਤਾ ॥
ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
Tell me, O Pandit, O religious scholar: who is clean and pure?
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ, ।੧।ਰਹਾਉ।
Meditate on such spiritual wisdom, O my friend. ||1||Pause||
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ,
There is pollution in the eyes, and pollution in speech; there is pollution in the ears as well.
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥
ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ।੨।
Standing up and sitting down, one is polluted; one's kitchen is polluted as well. ||2||
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ ।
Everyone knows how to be caught, but hardly anyone knows how to escape.
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥
ਕਬੀਰ ਜੀ ਆਖਦੇ ਹਨ—ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ।੩।੪੧।
Says Kabeer, those who meditate on the Lord within their hearts, are not polluted. ||3||41||