ਸਿਰੀਰਾਗੁ ਮਹਲਾ ੪ ॥
Siree Raag, Fourth Mehl:
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ (ਉਸ ਦਾ) ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦਾ ਹੈ । ਨਾਮ ਤੋਂ ਸੁੰਞਾ ਜੀਊਣਾ ਫਿਟਕਾਰ-ਜੋਗ ਹੈ (ਨਾਮ ਤੋਂ ਖ਼ਾਲੀ ਰਹਿ ਕੇ ਜ਼ਿੰਦਗੀ ਦੇ ਗੁਜ਼ਾਰਿਆਂ ਫਿਟਕਾਰਾਂ ਹੀ ਪੈਂਦੀਆਂ ਹਨ)
Receiving the Naam, the mind is satisfied; without the Naam, life is cursed.
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥
ਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ, ਤੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਦੱਸ ਪਾ ਦੇਵੇ
If I meet the Gurmukh, my Spiritual Friend, he will show me God, the Treasure of Excellence.
ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥
ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ, ਮੈਂ ਉਸ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ ।੧।
I am every bit a sacrifice to one who reveals to me the Naam. ||1||
ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥
ਹੇ ਮੇਰੇ ਪ੍ਰੀਤਮ-ਪ੍ਰਭੂ ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ
O my Beloved, I live by meditating on Your Name.
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥
ਹੇ ਮੇਰੇ ਸਤਿਗੁਰੂ ! (ਮੇਰੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ ।੧।ਰਹਾਉ।
Without Your Name, my life does not even exist. My True Guru has implanted the Naam within me. ||1||Pause||
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
ਪਰਮਾਤਮਾ ਦਾ ਨਾਮ ਇਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ
The Naam is a Priceless Jewel; it is with the Perfect True Guru.
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
ਜੇ ਗੁਰੂ ਦੀ ਦੱਸੀ ਸੇਵਾ ਵਿਚ ਲੱਗ ਜਾਈਏ, ਤਾਂ ਉਹ ਹਿਰਦੇ ਵਿਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ
When one is enjoined to serve the True Guru, He brings out this Jewel and bestows this enlightenment.
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥
(ਇਸ ਵਾਸਤੇ) ਉਹ ਮਨੁੱਖ ਭਾਗਾਂ ਵਾਲੇ ਹਨ, ਬੜੇ ਭਾਗਾਂ ਵਾਲੇ ਹਨ, ਸ਼ਲਾਘਾ-ਜੋਗ ਹਨ, ਜੇਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ ।੨।
Blessed, and most fortunate of the very fortunate, are those who come to meet the Guru. ||2||
ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥
(ਪਰ) ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ
Those who have not met the Primal Being, the True Guru, are most unfortunate, and are subject to death.
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥
ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ
They wander in reincarnation over and over again, as the most disgusting maggots in manure.
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
(ਹੇ ਭਾਈ ! ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ ।੩।
Do not meet with, or even approach those people, whose hearts are filled with horrible anger. ||3||
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥
ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ । ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ
The True Guru, the Primal Being, is the Pool of Ambrosial Nectar. The very fortunate ones come to bathe in it.
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥
(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ
The filth of many incarnations is washed away, and the Immaculate Naam is implanted within.
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥
ਹੇ ਦਾਸ ਨਾਨਕ ! (ਆਖ—) ਸਤਿਗੁਰੁ ਦੀ ਸਿੱਖਿਆ ਵਿਚ ਸੁਰਤਿ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ ।੪।੨।੬੬
Servant Nanak has obtained the most exalted state, lovingly attuned to the True Guru. ||4||2||66||